ਬੱਚਿਆ ਨੂੰ ਸੁਆਉਣ ਲਈ ਸਭ ਤੋਂ ਵੱਧ ਵਿਕ ਰਹੀ ਇਹ ਕਿਤਾਬ
ਏਬੀਪੀ ਸਾਂਝਾ | 21 Feb 2018 03:37 PM (IST)
ਚੰਡੀਗੜ੍ਹ-ਇਕ ਸਵੀਡਿਸ਼ ਲੇਖਕ ਦੀ ਕਿਤਾਬ ਇਨ੍ਹੀਂ ਦਿਨੀਂ ਦੁਨੀਆ ਭਰ ‘ਚ ਹਰਮਨਪਿਆਰੀ ਹੋ ਰਹੀ ਹੈ। ਇਸ ਲਈ ਨਹੀਂ ਕਿ ਇਹ ਰਹੱਸ, ਰੋਮਾਂਚ ਨਾਲ ਭਰਿਆ ਕੋਈ ਨਾਵਲ ਹੈ, ਦਰਅਸਲ ਇਹ ਪੁਸਤਕ ਬੱਚਿਆਂ ਨੂੰ ਸੁਆਉਣ ਦੀ ਗਾਰੰਟੀ ਦਿੰਦੀ ਹੈ। ਲੇਖਕ ਕਾਰਲ ਯੋਹਾਨ ਫੋਰਸੇਨ ਐਹਰਲਿਨ ਦੀ ਸਫਲਤਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਇਨ੍ਹੀਂ ਦਿਨੀਂ ਮਾਤਾ-ਪਿਤਾ ਪ੍ਰੀ-ਸਕੂਲ ‘ਚ ਪੜ੍ਹਨ ਵਾਲੇ ਆਪਣੇ ਬੱਚਿਆਂ ਨੂੰ ਸਮੇਂ ‘ਤੇ ਸੁਲਾਉਣ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਨ। ਜਿਹੜੇ ਬੱਚੇ ਇਹ ਕਹਿ ਕੇ ਦੇਰ ਰਾਤ ਤਕ ਸੌਣ ਤੋਂ ਇਨਕਾਰ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਨੀਂਦ ਨਹੀਂ ਆ ਰਹੀ, ਉਨ੍ਹਾਂ ਦੀਆਂ ਅੱਖਾਂ ਦੇ ਦੁਆਲੇ ਬਣੇ ਕਾਲੇ ਘੇਰੇ ਉਨ੍ਹਾਂ ਦੀ ਚਿੰਤਾ ਤੇ ਪ੍ਰੇਸ਼ਾਨੀ ਸਾਫ ਦੱਸਦੇ ਹਨ। ਹਾਲਾਂਕਿ ‘ਦਿ ਰੈਬਿਟ ਹੂ ਵਾਂਟਸ ਟੂ ਫਾਲ ਐੱਸਲੀਪ’ (ਖਰਗੋਸ਼ ਜੋ ਸੌਣਾ ਚਾਹੁੰਦਾ ਹੈ) ਨਾਂ ਦੀ ਇਹ ਕਿਤਾਬ ਬਹੁਤ ਬੋਰਿੰਗ ਹੈ ਅਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਕਈ ਮਾਪਿਆਂ ਨੂੰ ਯਕੀਨ ਹੋ ਚੁੱਕਾ ਹੈ ਕਿ ਇਹ ਉਨ੍ਹਾਂ ਦੇ ਬੱਚਿਆਂ ਨੂੰ ਸੁਆ ਸਕਦੀ ਹੈ। ਜਰਮਨ ਸਲੀਪ ਸੁਸਾਇਟੀ ਦੇ ਪ੍ਰਮੁੱਖ ਐੱਲਫ੍ਰੈੱਡ ਅਨੁਸਾਰ ਇਹ ਇਸ ਗੱਲ ਦਾ ਸਬੂਤ ਹੈ ਕਿ ਇਨ੍ਹੀਂ ਦਿਨੀਂ ਉਨੀਂਦਰੇ ਦੀ ਸਮੱਸਿਆ ਇਕ ਭਿਆਨਕ ਰੂਪ ਲੈ ਚੁੱਕੀ ਹੈ। ਇਸ ਪੁਸਤਕ ਦੇ ਮੁੱਖ ਪੰਨੇ ‘ਤੇ ਲਿਖਿਆ ਹੈ, ”ਮੈਂ ਕਿਸੇ ਨੂੰ ਵੀ ਸੁਆ ਸਕਦੀ ਹਾਂ।” ਹਾਲਾਂਕਿ ਜਰਮਨੀ ਦੇ ਸ਼ਹਿਰ ਕੋਲੋਨ ਦੀ ਤਿੰਨ ਸਾਲਾ ਬੱਚੀ ਮਿਲਾ ‘ਤੇ ਇਸ ਨੇ ਕੰਮ ਨਹੀਂ ਕੀਤਾ। ਉਸ ਦੀ ਮਾਂ ਮਾਰੀਆ ਅਨੁਸਾਰ ਉਸ ਨੇ ਆਪਣੀ ਬੇਟੀ ਨੂੰ ਇਸ ਦਾ ਪਹਿਲਾ ਪੰਨਾ ਹੀ ਸੁਣਾਇਆ ਸੀ, ਉਹ ਇਸ ਤੋਂ ਬੋਰ ਹੋ ਗਈ ਅਤੇ ਉਸ ਨੇ ਹੋਰ ਅੱਗੇ ਸੁਣਨ ਤੋਂ ਇਨਕਾਰ ਕਰ ਦਿੱਤਾ। ਬੇਸ਼ੱਕ ਇਹ ਪੁਸਤਕ ਜ਼ਰਾ ਵੀ ਰੋਚਕ ਨਹੀਂ ਹੈ ਪਰ ਇਸ ਦੀ ਸਫਲਤਾ ਦਾ ਰਾਜ਼ ਵੀ ਸ਼ਾਇਦ ਇਹੀ ਹੈ। ਪੁਸਤਕ ਦੇ ਲੇਖਕ ਅਨੁਸਾਰ ਉਨ੍ਹਾਂ ਨੇ ਬੱਚਿਆਂ ਨੂੰ ਕਹਾਣੀ ਦਾ ਹਿੱਸਾ ਬਣਾਇਆ ਹੈ? ਇਸ ਤਰ੍ਹਾਂ ਨਾਲ ਉਹ ਕਹਾਣੀ ਵਾਲੇ ਖਰਗੋਸ਼ ਨਾਲ ਸਫਰ ਕਰਦੇ ਹਨ, ਜੋ ਸੌਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨਾਲ ਬੱਚਾ ਖੁਦ ਦੀ ਪਛਾਣ ਕਰਦਾ ਹੈ ਤੇ ਉਸ ਨੂੰ ਵੀ ਨੀਂਦ ਆਉਣ ਲੱਗਦੀ ਹੈ।