ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੇਵਾਮੁਕਤ ਆਈਏਐਸ ਗੁਰਨਿਹਾਲ ਸਿੰਘ ਪੀਰਜ਼ਾਦਾ ਤੇ ਇੰਟਰਨੈਸ਼ਨਲ ਕਸਟਮਰ ਰੇਲੇਟਿਡ ਮੈਨਜਮੈਂਟ ਸਰਵਿਸਜ਼ ਪ੍ਰਾਈਵੇਟ ਲਿਮਟਿਡ (ICRMS) ਖਿਲਾਫ ਚੱਲ ਰਹੇ ਹਵਾਲੇ ਦੇ ਮਾਮਲੇ ਦੌਰਾਨ, ਪੀਰਜ਼ਾਦਾ ਦੇ ਛੇ ਕਨਾਲ ਦੇ ਘਰ ਸਮੇਤ ਚੰਡੀਗੜ੍ਹ ਤੇ ਮੁਹਾਲੀ ਵਿੱਚ 4 ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਨ੍ਹਾਂ ਜਾਇਦਾਦਾਂ ਦੀ ਕੀਮਤ ਤਕਰੀਬਨ 16 ਕਰੋੜ ਹੈ।


 

ਪੀਰਜ਼ਾਦਾ ਸਮੇਤ 14 ਜਣਿਆਂ ਖਿਲਾਫ 231 ਕਰੋੜ ਦੇ ਘੁਟਾਲੇ ਦੇ ਇਲਜ਼ਾਮਾਂ ਦੀ ਤਫਤੀਸ਼ ਸੀਬੀਆਈ ਕਰ ਰਹੀ ਹੈ। ਤਫਤੀਸ਼ ਦੌਰਾਨ ਈਡੀ ਨੇ ਇਸ ਮਾਮਲੇ ਵਿੱਚ ਮਨੀ ਲੌਂਡਰਿੰਗ ਐਕਟ ਤਹਿਤ ਤਫਤੀਸ਼ ਸ਼ੁਰੂ ਕੀਤੀ ਸੀ। ਤਫਤੀਸ਼ ਦੌਰਾਨ ਈਡੀ ਨੇ ਅਕਤੂਬਰ 2017 ਵਿੱਚ ਇਸ ਜਾਇਦਾਦ ਨੂੰ ਕੁਝ ਸਮੇਂ ਲਈ ਜ਼ਬਤ ਕਰਕੇ ਦਿੱਲੀ ਤੋਂ ਇਸ ਦੀ ਇਜਾਜ਼ਤ ਮੰਗੀ ਸੀ।

ਇਜਾਜ਼ਤ ਮਗਰੋਂ ਹੁਣ ਇਹ ਜਾਇਦਾਦ ਈਡੀ ਨੇ ਜ਼ਬਤ ਕੀਤੀ ਹੈ। ਜ਼ਬਤ ਕਰਨ ਤੋਂ ਬਾਅਦ ਈਡੀ ਨੇ ਜ਼ਾਇਦਾਦ ਦੇ ਮਾਲਕਾਂ ਨੂੰ ਆਪਣੀ ਦਲੀਲ ਪੇਸ਼ ਕਰਨ ਲਈ 45 ਦਿਨ ਦਾ ਸਮਾਂ ਦਿੱਤਾ ਹੈ। ਜ਼ਬਤ ਕੀਤੀਆਂ ਜਾਇਦਾਦਾਂ ਵਿੱਚ ਚੰਡੀਗੜ੍ਹ ਦੇ ਸੈਕਟਰ 4 ਵਿੱਚ ਛੇ ਕਨਾਲ ਦਾ ਘਰ, ਮੁਹਾਲੀ ਦੇ ਪਿੰਡ ਮੁੱਲਾਂਪੁਰ ਵਿੱਚ 27 ਬਿਘੇ ਤੇ 24.11 ਬਿਘੇ ਜ਼ਮੀਨ, ਮਪਹਾਲੀ ਦੇ ਪਿੰਡ ਸਿਨੋਕ 'ਚ 42 ਕਨਾਲ ਜ਼ਮੀਨ ਜ਼ਬਤ ਕੀਤੀ ਹੈ।

ਇਹ ਸਾਰੀ ਜ਼ਮੀਨ ਮੁਲਜ਼ਮਾਂ ਵੱਲੋਂ ਬਣਾਈ ਗਈ ਕੰਪਨੀ ਫਤਹਿ ਹੋਮਜ਼, ਫਤਹਿ ਰਿਸੋਰਟ ਤੇ ਫਤਹਿ ਸੋਫਟੈਕ ਦੇ ਨਾਮ 'ਤੇ ਸੀ ਜੋ ਹੁਣ ਈਡੀ ਨੇ ਜ਼ਬਤ ਕਰ ਲਈ ਹੈ। 2004 'ਚ ਪੀਰਜ਼ਾਦਾ ਖਿਲਾਫ ਪੰਜਾਬ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚਿਆ। ਇਸ ਦੀ ਜਾਂਚ CBI ਤੇ ED ਨੂੰ ਦਿੱਤੀ ਗਈ ਸੀ।