ਲੁਧਿਆਣਾ-ਕੈਨੇਡਾ ਵਿੱਚ ਹੁਨਰਮੰਦਾਂ ਦਾ ਭਵਿੱਖ ਸੁਨਹਿਰਾ ਹੈ। ਕਨੈਡਾ ਸਰਕਾਰ ਸਟੱਡੀ ਵੀਜ਼ਾ ਉੱਤੇ ਪੜ੍ਹਣ ਆ ਰਹੇ ਵਿਦਿਆਰਥੀਆਂ ਨੂੰ ਪੀਆਰ ਵੀ ਦੇ ਰਹੀ ਹੈ। ਇਹ ਗੱਲ ਪ੍ਰਗਟਾਵਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਦੌਰੇ ’ਤੇ ਆਏ ਵਿਨੀਪੈੱਗ ਨਾਰਥ (ਕੈਨੇਡਾ) ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਕੇਵਿਨ ਲਿਮੋਰੂਕਸ ਨੇ ਕੀਤਾ ਹੈ।
ਉਨ੍ਹਾਂ ਨੇ ਪੰਜਾਬੀਆਂ ਦੇ ਮਿਹਨਤੀ ਸੁਭਾਅ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਨਰਮੰਦ ਨੌਜਵਾਨਾਂ ਲਈ ਕੈਨੇਡਾ ਨੇ ਆਪਣੇ ਦਰਵਾਜ਼ੇ ਖੋਲ੍ਹ ਰੱਖੇ ਹਨ। ਇਸੇ ਤਰ੍ਹਾਂ ਵਿਦਿਆਰਥੀ ਵੀਜ਼ੇ ’ਤੇ ਜਾ ਰਹੇ ਨੌਜਵਾਨਾਂ ਨੂੰ ਵੀ ਪੀ.ਆਰ. ਦੇ ਕੇ ਕੈਨੇਡਾ ਵਿੱਚ ਸਥਾਪਤ ਅਤੇ ਬਿਹਤਰ ਭਵਿੱਖ ਤਲਾਸ਼ਣ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ।
ਜਗਰਾਉਂ ਵਿੱਚ ਰੱਖੇ ਸਮਾਗਮ ਵਿੱਚ ਪਹੁੰਚ ਕੈਨੇਡਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਖੇਤਰਫਲ ਦੇ ਹਿਸਾਬ ਨਾਲ ਕੈਨੇਡਾ ਬਹੁਤ ਵੱਡਾ ਮੁਲਕ ਹੈ ਪਰ ਉਸ ਹਿਸਾਬ ਨਾਲ ਆਬਾਦੀ ਘੱਟ ਹੈ। ਇਸ ਲਈ ਕੈਨੇਡਾ ਹਰ ਸਾਲ ਲੱਖਾਂ ਲੋਕਾਂ ਨੂੰ ਉਥੇ ਕਾਰੋਬਾਰ ਸ਼ੁਰੂ ਕਰਨ ਅਤੇ ਪੱਕੇ ਹੋਣ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ। ਪਿਛਲੀ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਦੇ ਉਲਟ ਮੌਜੂਦਾ ਲਿਬਰਲ ਪਾਰਟੀ ਦੀ ਸਰਕਾਰ ਨੇ ਵੀਜ਼ਾ ਸ਼ਰਤਾਂ ਬਹੁਤ ਨਰਮ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬੀ ਮਿਹਨਤ ਕਰਨ ਵਾਲੀ ਬਹਾਦਰ ਕੌਮ ਹੈ। ਜਿਸ ਨੇ ਕੈਨੇਡਾ ਵਿੱਚ ਵੀ ਚੰਗੇ ਕਾਰੋਬਾਰ ਆਪਣੀ ਮਿਹਨਤ ਸਦਕਾ ਸਥਾਪਤ ਕੀਤੇ ਹਨ। ਉਨ੍ਹਾਂ ਦੀ ਪਾਰਟੀ ਤੇ ਸਰਕਾਰ ਪਰਿਵਾਰਾਂ ਨੂੰ ਮਿਲਾਉਣ ਦੀ ਹਾਮੀ ਹੈ, ਜਿਸ ਕਰਕੇ ਵਿਜ਼ਿਟਰ ਵੀਜ਼ੇ ਦੇਣ ਦੀ ਦਰ ਵਧਾਈ ਗਈ ਹੈ।