ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਅੰਮ੍ਰਿਤਸਰ ਬਰਮਿੰਘਮ ਵਿਚਾਲੇ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ। ਇਹ ਉਡਾਣ ਸ਼ੁਰੂ ਵਿਚ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਚੱਲੇਗੀ। ਇਸੇ ਤਰ੍ਹਾਂ ਬਰਮਿੰਘਮ ਤੋਂ ਅੰਮ੍ਰਿਤਸਰ ਵਾਸਤੇ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲੇਗੀ।
ਇਸ ਸਿੱਧੀ ਉਡਾਣ ਦੀ ਸ਼ੁਰੂਆਤ ਨਾਲ ਪੰਜਾਬ ਸਮੇਤ ਹਰਿਆਣਾ ਅਤੇ ਹਿਮਾਚਲ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ। ਇਸ ਤੋਂ ਇਲਾਵਾ ਕਾਰਗੋ ਰਾਹੀਂ ਪੰਜਾਬ ਦੀਆਂ ਸਬਜ਼ੀਆਂ ਤੇ ਫਲ ਆਦਿ ਪਹਿਲਾਂ ਵਾਂਗ ਹੀ ਸਿੱਧਾ ਯੂ.ਕੇ ਜਾ ਸਕਣਗੇ, ਜਿਸ ਨਾਲ ਵਪਾਰੀਆਂ ਨੂੰ ਵੀ ਲਾਭ ਹੋਵੇਗਾ। ਯੂ.ਕੇ ਵਿਚ ਵਸਦਾ ਪੰਜਾਬੀ ਭਾਈਚਾਰਾ ਸਿੱਧਾ ਅੰਮ੍ਰਿਤਸਰ ਆ ਸਕੇਗਾ ਅਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ।
ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਅਤੇ ਦੋਵਾਂ ਸੰਸਦ ਮੈਂਬਰਾਂ ਸ਼ਵੇਤ ਮਲਿਕ ਤੇ ਗੁਰਜੀਤ ਸਿੰਘ ਔਜਲਾ ਨੇ ਝੰਡੀ ਦਿਖਾਈ। ਕੱਲ ਇਸ ਉਡਾਣ ਦੀ ਮੁੜ ਸ਼ੁਰੂਆਤ ਮੌਕੇ ਕਾਂਗਰਸੀ ਤੇ ਭਾਜਪਾ ਦੇ ਆਗੂ ਹਾਜ਼ਰ ਸਨ।