ਨਵੀਂ ਦਿੱਲੀ: ਛੇ ਮਹੀਨੇ ਪਹਿਲਾਂ ਫੌਜ ਵੱਲੋਂ ਸੱਤਾ ਹਥਿਆਏ ਜਾਣ ਤੋਂ ਬਾਅਦ ਮਿਆਂਮਾਰ ਨੂੰ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਮੇਂ ਮਿਆਂਮਾਰ ਵਿੱਚ ਨਕਦੀ ਦੀ ਵੱਡੀ ਕਮੀ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਨਕਦੀ ਕਢਵਾਉਣ ਲਈ ਸਥਾਨਕ ਲੋਕਾਂ ਨੂੰ ਸਵੇਰੇ 3 ਵਜੇ ਤੋਂ ਏਟੀਐਮ ਦੇ ਨੇੜੇ ਲਾਈਨ ਵਿੱਚ ਖੜ੍ਹੇ ਹੋਣਾ ਪੈਂਦਾ ਹੈ। ਇੱਥੇ ਨਕਦੀ ਦੀ ਇੰਨੀ ਕਮੀ ਹੈ ਕਿ ਲੋਕ ਕਈ ਘੰਟਿਆਂ ਤੱਕ ਖੜ੍ਹੇ ਰਹਿਣ ਦੇ ਬਾਵਜੂਦ ਪੈਸੇ ਕਢਵਾਉਣ ਦੇ ਸਮਰੱਥ ਨਹੀਂ ਹੋ ਰਹੇ।

ਬੈਂਕਾਂ ਅਤੇ ਏਟੀਐਮ ਵਿੱਚ ਲੋਕਾਂ ਦੀ ਭੀੜ ਨੂੰ ਘੱਟ ਕਰਨ ਦੇ ਲਈ ਏਟੀਐਮ ਵਿੱਚ ਵੀ ਹਰ ਰੋਜ਼ ਪੈਸੇ ਭਰੇ ਜਾ ਰਹੇ ਹਨ ਪਰ ਅਜੇ ਤੱਕ ਇਸ ਦਾ ਕੋਈ ਲਾਭ ਨਹੀਂ ਦਿਸਿਆ। ਨਕਦੀ ਸੰਕਟ ਤੇ ਆਰਥਿਕ ਸੰਕਟ ਦੇ ਮੱਦੇਨਜ਼ਰ, ਮਿਆਂਮਾਰ ਦੇ ਸਥਾਨਕ ਲੋਕਾਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਦਿਨ 9,000 ਰੁਪਏ ਕਢਵਾਉਣ ਦੀ ਆਗਿਆ ਦਿੱਤੀ ਗਈ ਹੈ।

ਮਿਆਂਮਾਰ ਦਾ ਆਰਥਿਕ ਸੰਕਟ ਹੁਣ ਸਿਖਰ 'ਤੇ
‘ਨਿਊਯਾਰਕ ਟਾਈਮਜ਼’ ਵਿੱਚ ਛਪੀ ਰਿਪੋਰਟ ਅਨੁਸਾਰ, ਮਿਆਂਮਾਰ ਵਿੱਚ ਆਰਥਿਕ ਸੰਕਟ ਦਾ ਪ੍ਰਭਾਵ ਸਾਫ਼ ਦਿਖਾਈ ਦੇ ਰਿਹਾ ਹੈ। ਨਕਦੀ ਦੀ ਘਾਟ ਕਾਰਨ ਲੋਕ ਖਰੀਦਦਾਰੀ ਕਰਨ ਤੋਂ ਅਸਮਰੱਥ ਹਨ। ਵਪਾਰੀ ਆਪਣੇ ਕਰਮਚਾਰੀਆਂ ਤੇ ਲੈਣਦਾਰਾਂ ਦਾ ਭੁਗਤਾਨ ਕਰਨ ਵਿੱਚ ਵੀ ਅਸਮਰੱਥ ਹਨ। ਮਿਆਂਮਾਰ ਦੀ ਮੁਦਰਾ ਕਿਆਟ ਦਾ ਮੁੱਲ ਵੀ ਡਾਲਰ ਦੇ ਮੁਕਾਬਲੇ 20 ਗੁਣਾ ਘੱਟ ਗਿਆ ਹੈ। ਦੇਸ਼ ਭਰ ਵਿੱਚ 100 ਤੋਂ ਘੱਟ ਏਟੀਐਮ ਵਿੱਚ ਨਕਦੀ ਬਾਕੀ ਹੈ। ਮੁਦਰਾ ਜਮ੍ਹਾਖੋਰੀ ਹੋਣ ਕਾਰਨ, ਬਹੁਤ ਸਾਰੇ ਵਪਾਰੀ ਡਿਜੀਟਲ ਭੁਗਤਾਨ ਦੀ ਬਜਾਏ ਨਕਦ ਲੈਣਾ ਚਾਹੁੰਦੇ ਹਨ।

ਮਿਆਂਮਾਰ ’ਤੇ ਗੰਭੀਰ ਵਿੱਤੀ ਸੰਕਟ
ਇਸ ਤੋਂ ਇਲਾਵਾ, ਮੁਦਰਾ ਦਲਾਲ 7 ਤੋਂ 15% ਦੇ ਕਮਿਸ਼ਨ ’ਤੇ ਔਨਲਾਈਨ ਭੁਗਤਾਨ ਦੇ ਬਦਲੇ ਨਕਦ ਦਿੰਦੇ ਹਨ। ਮਿਆਂਮਾਰ ਫੌਜ ਦੇ ਅਧਿਕਾਰੀ ਇਨ੍ਹਾਂ ਟਾਊਟਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ। ਬਹੁਤ ਸਾਰੇ ਆਰਥਿਕ ਮਾਹਿਰਾਂ ਨੇ ਦੱਸਿਆ ਕਿ ਮਿਆਂਮਾਰ ਗੰਭੀਰ ਵਿੱਤੀ ਸੰਕਟ ਵੱਲ ਜਾ ਰਿਹਾ ਹੈ।

ਅੰਤਰਰਾਸ਼ਟਰੀ ਸੰਕਟ ਸਮੂਹ ਦੇ ਸੀਨੀਅਰ ਸਲਾਹਕਾਰ ਰਿਚਰਡ ਹੋਰਸੀ ਨੇ ਕਿਹਾ ਕਿ ਗੰਭੀਰ ਆਰਥਿਕ ਸੰਕਟ ਕਾਰਨ ਲੋਕਾਂ ਦਾ ਸਰਕਾਰ, ਬੈਂਕਾਂ ਤੇ ਅਰਥ ਵਿਵਸਥਾ ਵਿੱਚ ਵਿਸ਼ਵਾਸ ਘਟ ਰਿਹਾ ਹੈ। ਫੌਜੀ ਤਖਤਾ ਪਲਟ ਤੋਂ ਬਾਅਦ ਹਿੰਸਾ ਵਿੱਚ 945 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਧੇਰੇ ਮੌਤਾਂ ਫੌਜ ਦੀ ਗੋਲੀਬਾਰੀ ਕਾਰਣ ਹੋਈਆਂ ਹਨ।

ਫੌਜ ਵਿਰੁੱਧ ਚੱਲ ਰਹੇ ਅੰਦੋਲਨ ਕਾਰਨ ਆਰਥਿਕ ਗਤੀਵਿਧੀਆਂ ਠੱਪ ਹੋ ਗਈਆਂ ਹਨ। ਫ਼ੌਜ ਵੱਲੋਂ ਔਨਲਾਈਨ ਭੁਗਤਾਨ 'ਤੇ ਪਾਬੰਦੀ ਕਾਰਨ ਸੰਕਟ ਵਧ ਗਿਆ ਹੈ। ਇੰਟਰਨੈਟ ਬੰਦ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੇ ਮਿਆਂਮਾਰ ਵਿੱਚ ਆਰਥਿਕ ਸੰਕਟ ਦੀ ਸਮੱਸਿਆ ਨੂੰ ਛੇਤੀ ਹੱਲ ਨਾ ਕੀਤਾ ਗਿਆ, ਤਾਂ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ। ਫਿਲਹਾਲ ਸਰਕਾਰ ਨੇ ਕਿਹਾ ਹੈ ਕਿ ਬਹੁਤ ਜਲਦੀ ਹੀ ਨੋਟਾਂ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਸਭ ਕੁਝ ਆਮ ਵਾਂਗ ਹੋ ਜਾਵੇਗਾ।