ਕਟਿਹਾਰ: ਬਿਹਾਰ ਦੇ ਕਟਿਹਾਰ ’ਚ ਦੋ ਸਕੂਲੀ ਬੱਚਿਆਂ ਦੇ ਬੈਂਕ ਖਾਤੇ ’ਚ ਅਚਾਨਕ 960 ਕਰੋੜ ਰੁਪਏ ਆ ਗਏ। ਇੰਨੀ ਵੱਡੀ ਰਕਮ ਕਿਸੇ ਖਾਤੇ ’ਚ ਆਉਣ ਕਾਰਨ ਬੈਂਕ ਅਧਿਕਾਰੀ ਵੀ ਹੈਰਾਨ ਪ੍ਰੇਸ਼ਾਨ ਹੋ ਗਏ। ਜਦੋਂ ਆਮ ਲੋਕਾਂ ਨੂੰ ਇਹ ਖ਼ਬਰ ਮਿਲੀ, ਤਾਂ ਉਨ੍ਹਾਂ ਨੇ ਵੀ ਆਪਣੇ ਅਕਾਊਂਟ ਚੈੱਕ ਕਰਨੇ ਸ਼ੁਰੂ ਕਰ ਦਿੱਤੇ। ਇਸ ਕਾਰਣ ਬੈਂਕ ’ਚ ਲੋਕਾਂ ਦੀ ਕਤਾਰ ਲੱਗ ਗਈ।
ਬਿਹਾਰ ਸਰਕਾਰ ਵੱਲੋਂ ਸਕੂਲ ਡ੍ਰੈੱਸ ਲਈ ਭੇਜੇ ਜਾਣ ਵਾਲੇ ਪੈਸਿਆਂ ਦੀ ਜਾਣਕਾਰੀ ਲਈ ਆਜ਼ਮਨਗਰ ਥਾਣਾ ਇਲਾਕੇ ਦੇ ਪਸਤੀਆ ਪਿੰਡ ਦੇ ਦੋ ਸਕੂਲੀ ਬੱਚੇ ‘ਸਟੇਟ ਬੈਂਕ ਆਫ਼ ਇੰਡੀਆ’ ਦੇ ਸੀਐਸਪੀ ਸੈਂਟਰ ਪੁੱਜੇ। ਇਨ੍ਹਾਂ ਦੋਵਾਂ ਨੇ ਜਦੋਂ ਆਪਣੇ ਖਾਤੇ ਦੀ ਜਾਣਕਾਰੀ ਲਈ, ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ਵਿੱਚ ਤਾਂ ਕਰੋੜਾਂ ਰੁਪਏ ਜਮ੍ਹਾ ਹਨ।
ਰਿਪੋਰਟ ਅਨੁਸਾਰ ਦੋਵਾਂ ਦੇ ਬੈਂਕ ਖਾਤੇ ’ਚ 960 ਕਰੋੜ ਰੁਪਏ ਦੀ ਰਕਮ ਆ ਗਈ, ਜਿਸ ਵਿੱਚ ਵਿਦਿਆਰਥੀ ਗੁਰੂਚੰਦਰ ਦੇ ਖਾਤੇ ’ਚ 60 ਕਰੋਡ ਰੁਪਏ ਤੋਂ ਵੱਧ ਅਤੇ ਅਸਿਤ ਕੁਮਾਰ ਦੇ ਖਾਤੇ ਵਿੱਚ 900 ਕਰੋੜ ਤੋਂ ਵੱਧ ਦਾ ਰਕਮ ਜਮ੍ਹਾ ਸੀ। ਇਹ ਸੁਣ ਕੇ ਦੋਵੇਂ ਵਿਦਿਆਰਥੀਆਂ ਦੇ ਆਲੇ-ਦੁਆਲੇ ਖੜ੍ਹੇ ਲੋਕ ਤੇ ਬੈਂਕ ਕਰਮਚਾਰੀ ਤੇ ਅਧਿਕਾਰੀ ਵੀ ਹੈਰਾਨ ਰਹਿ ਗਏ।
ਇਸ ਦੌਰਾਨ ਜਦੋਂ ਬੈਂਕ ਮੈਨੇਜਰ ਨੂੰ ਇਹ ਗੱਲ ਪਤਾ ਲੱਗੀ, ਤਾਂ ਉਸ ਨੇ ਦੋਵੇਂ ਖਾਤਿਆਂ ’ਚ ਭੁਗਤਾਨ ਉੱਤੇ ਰੋਕ ਲਾ ਦਿੱਤੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਆ ਗਈ ਹੈ।
ਇਸ ਤੋਂ ਪਹਿਲਾਂ ਖਗੜੀਆ ਦੇ ਇੱਕ ਵਿਅਕਤੀ ਦੇ ਖਾਤੇ ਵਿੱਚ ਗ਼ਲਤੀ ਨਾਲ ਸਾਢੇ 5 ਲੱਖ ਰੁਪਏ ਆ ਗਏ ਸਨ। ਉਸ ਵਿਅਕਤੀ ਨੇ ਇਸ ਨੂੰ ਮੋਦੀ ਸਰਕਾਰ ਤੋਂ ਮਿਲੀ ਮਦਦ ਸਮਝ ਕੇ ਖ਼ਰਚ ਕਰ ਦਿੱਤੇ। ਜਦੋਂ ਬੈਂਕ ਅਧਿਕਾਰੀਆਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਤਾਂ ਉਨ੍ਹਾਂ ਵਿਅਕਤੀ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਪਰ ਉਸ ਨੇ ਉਹ ਪੈਸੇ ਮੋੜਨ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਬੈਂਕ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ।
ਇਹ ਵੀ ਪੜ੍ਹੋ: Farmers Protest: ਡਾਗਾਂ ਮਾਰਨ ਵਾਲੇ ਬਿਆਨ 'ਤੇ ਘਿਰੇ ਬੀਜੇਪੀ ਲੀਡਰ ਹਰਿੰਦਰ ਕਾਹਲੋਂ, ਕਿਸਾਨਾਂ ਨੇ ਲਿਆ ਵੱਡਾ ਐਕਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904