ਨਵੀਂ ਦਿੱਲੀ: ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਦੋ ਦੇਸ਼ਾਂ ਨੇ ਜ਼ਮੀਨ ਦੇ ਇੱਕ ਛੋਟੇ ਟੁਕੜੇ ਲਈ ਖੂਨ ਵਹਾਇਆ ਪਰ ਕੀ ਤੁਸੀਂ ਕਦੇ ਅਜਿਹੀ ਜ਼ਮੀਨ ਬਾਰੇ ਸੁਣਿਆ ਹੈ, ਜਿਸ 'ਤੇ ਕੋਈ ਵੀ ਦੇਸ਼ ਆਪਣਾ ਦਾਅਵਾ ਨਹੀਂ ਕਰਨਾ ਚਾਹੁੰਦਾ? ਜੀ ਹਾਂ, ਇਸ ਸੰਸਾਰ ਵਿੱਚ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਸਭ ਤੋਂ ਵੱਡਾ ਦੇਸ਼ ਵੀ ਆਪਣੇ ਪੈਰ ਰੱਖਣ ਤੋਂ ਝਿਜਕਦਾ ਹੈ।
ਇਸ ਸਥਾਨ ਦਾ ਨਾਮ ਬੀਰ ਤਵਿਲ ਹੈ। ਮਿਸਰ ਤੇ ਸੁਡਾਨ ਦੀ ਸਰਹੱਦ 'ਤੇ 2,060 ਵਰਗ ਕਿਲੋਮੀਟਰ ਵਿੱਚ ਫੈਲਿਆ ਇਹ ਹਿੱਸਾ ਲਾਵਾਰਿਸ ਹੈ। ਹੁਣ ਤੱਕ ਕਿਸੇ ਵੀ ਦੇਸ਼ ਨੇ ਇਸ 'ਤੇ ਦਾਅਵਾ ਨਹੀਂ ਕੀਤਾ ਹੈ। 1899 ਵਿੱਚ, ਯੂਨਾਈਟਿਡ ਕਿੰਗਡਮ ਨੇ ਸੁਡਾਨ ਤੇ ਮਿਸਰ ਦੇ ਵਿਚਕਾਰ ਦੀ ਸਰਹੱਦ ਤੈਅ ਕੀਤੀ ਪਰ ਨਾ ਤਾਂ ਮਿਸਰ ਅਤੇ ਨਾ ਹੀ ਸੁਡਾਨ ਇਸ ਜ਼ਮੀਨ ਤੇ ਕਬਜ਼ਾ ਚਾਹੁੰਦੇ ਸਨ।
ਬੀਰ ਤਵਿਲ ’ਤੇ ਦਾਅਵਾ ਕਿਉਂ ਨਹੀਂ ਕੀਤਾ ਜਾਂਦਾ?
ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਸ ਸਥਾਨ ਦੇ ਹਾਲਾਤ ਹਨ। ਇਹ ਲਾਲ ਸਾਗਰ ਦੇ ਨੇੜੇ ਇੱਕ ਮਾਰੂਥਲ ਖੇਤਰ ਹੈ। ਇੱਥੇ ਬਹੁਤ ਖੁਸ਼ਕ ਤੇ ਗਰਮ ਹਵਾਵਾਂ ਚੱਲਦੀਆਂ ਹਨ। ਦੂਰ-ਦੁਰਾਡੇ ਇਸ ਉਜਾੜ ਜ਼ਮੀਨ ’ਤੇ ਪਾਣੀ ਤੇ ਬਨਸਪਤੀ ਦਾ ਕੋਈ ਨਿਸ਼ਾਨ ਵੀ ਨਹੀਂ। ਇਸ ਲਈ ਇੱਥੇ ਰਹਿਣਾ ਸੌਖਾ ਨਹੀਂ। ਕੁਝ ਲੋਕ ਇਸ ਮਾਰੂਥਲ ਵਿੱਚ ਤੇਲ ਤੇ ਸੋਨੇ ਦੇ ਭੰਡਾਰ ਹੋਣ ਦੀ ਗੱਲ ਕਰਦੇ ਹਨ। ਇਸ ਦੇ ਬਾਵਜੂਦ, ਕੋਈ ਵੀ ਇੱਥੇ ਨਹੀਂ ਆਉਣਾ ਚਾਹੁੰਦਾ।
ਜਦੋਂ ਇੱਕ ਭਾਰਤੀ ਬਣ ਗਿਆ ਸੀ ਇਸ ਉਜਾੜ ਭੂਮੀ ਦਾ ਸ਼ਾਸਕ
ਜੀ ਹਾਂ, ਇੰਦੌਰ ਵਿੱਚ ਰਹਿਣ ਵਾਲੇ ਇੱਕ ਭਾਰਤੀ ਵਿਅਕਤੀ ਨੇ 2017 ਵਿੱਚ ਆਪਣੇ ਆਪ ਨੂੰ ਇਸ ਸਥਾਨ ਦਾ ਸ਼ਾਸਕ ਐਲਾਨਿਆ ਸੀ। ਸੁਯਸ਼ ਦੀਕਸ਼ਿਤ ਨੇ ਇਸ ਜਗ੍ਹਾ ਦਾ ਨਾਂ 'ਕਿੰਗਡਮ ਆਫ ਦੀਕਸ਼ਿਤ' ਰੱਖਿਆ। ਨਾਲ ਹੀ, ਇੱਥੇ ਆਪਣੇ ਦੇਸ਼ ਦਾ ਤਿਰੰਗਾ ਝੰਡਾ ਵੀ ਗੱਡ ਦਿੱਤਾ ਸੀ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀਆਂ ਗਈਆਂ ਸਨ।
ਇੰਨਾ ਹੀ ਨਹੀਂ, ਉਸ ਨੇ ਇੱਕ ਵੈਬਸਾਈਟ ਬਣਾਈ ਤੇ ਲੋਕਾਂ ਨੂੰ ਇੱਥੇ ਨਾਗਰਿਕਤਾ ਲੈਣ ਅਤੇ ਨਿਵੇਸ਼ ਕਰਨ ਲਈ ਵੀ ਕਿਹਾ ਪਰ ਉਹ ਖੁਦ ਵੀ ਇਥੇ ਜ਼ਿਆਦਾ ਦੇਰ ਨਹੀਂ ਰਹਿ ਸਕਿਆ। ਇੱਥੋਂ ਵਾਪਸ ਆਉਣ ਤੋਂ ਬਾਅਦ, ਉਹ ਦੁਬਾਰਾ ਕਦੇ ਵਾਪਸ ਨਹੀਂ ਆਇਆ।
ਤੁਹਾਨੂੰ ਦੱਸ ਦਈਏ, ਇਸ ਤੋਂ ਪਹਿਲਾਂ ਇੱਕ ਅਮਰੀਕੀ ਤੇ ਇੱਕ ਰੂਸੀ ਨੇ ਵੀ ਇਸ ਜਗ੍ਹਾ ਉੱਤੇ ਆਪਣਾ ਦਾਅਵਾ ਪੇਸ਼ ਕੀਤਾ ਸੀ, ਪਰ ਕਦੇ ਵੀ ਕੋਈ ਵੀ ਇਸ ਸਥਾਨ ਉੱਤੇ ਨਹੀਂ ਵੱਸ ਸਕਿਆ। ਹੁਣ ਤੱਕ ਬੀਰ ਤਵਿਲ 'ਤੇ ਕਿਸੇ ਦਾ ਦਾਅਵਾ ਸਵੀਕਾਰ ਨਹੀਂ ਕੀਤਾ ਗਿਆ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਰਾਜਾ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਉੱਥੇ ਇੱਕ ਕੋਸ਼ਿਸ਼ ਕਰ ਸਕਦੇ ਹੋ।
ਇਹ ਵੀ ਪੜ੍ਹੋ: Gic Ground: ਕਿਸਾਨ ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਨੱਕੋ-ਨੱਕ ਭਰ ਗਿਆ ਜੀਆਈਸੀ ਗਰਾਊਂਡ, ਚੱਪੇ-ਚੱਪੇ 'ਤੇ ਪੁਲਿਸ ਦਾ ਪਹਿਰਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin