ਹਾਂਗਕਾਂਗ: ਬ੍ਰਿਟੇਨ ਦੀ ਜੰਗੀ ਪੱਤਰਕਾਰ ਕਲੇਅਰ ਹੋਲਿੰਗਵਰਥ ਨੇ ਕੱਲ੍ਹ ਆਪਣਾ 105ਵਾਂ ਜਨਮ ਦਿਨ ਮਨਾਇਆ। ਉਨ੍ਹਾਂ ਨੇ ਦੂਜੇ ਸੰਸਾਰ ਯੁੱਧ ਬਾਰੇ ਬਰਿਕੰਗ ਨਿਊਜ਼ ਦਿੱਤੀ ਸੀ।


ਕਲੇਅਰ ਨੇ 1939 ਵਿੱਚ ਦ ਡੇਲੀ ਟੈਲੀਗ੍ਰਾਫ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਨੇ ਪਹਿਲੀ ਨੌਕਰੀ ਦੇ ਹਫਤੇ ਭਰ ਵਿੱਚ ਹੀ ਇਹ ਖਬਰ ਦਿੱਤੀ ਸੀ ਕਿ ਜਰਮਨੀ ਦੇ ਸੈਂਕੜੇ ਟੈਂਕ ਪੋਲੈਂਡ ਦੀ ਸਰਹੱਦ ‘ਤੇ ਇਕੱਠੇ ਹੋ ਗਏ ਹਨ ਅਤੇ ਉਹ ਹਮਲੇ ਲਈ ਤਿਆਰ ਹਨ। ਉਨ੍ਹਾਂ ਨੇ ਫਲਸਤੀਨ, ਵੀਅਤਨਾਮ, ਅਲਜੀਰੀਆ, ਚੀਨ ਅਤੇ ਅਦਨ ਵਿੱਚ ਵੀ ਲੜਾਈ ਦੀ ਰਿਪੋਰਟਿੰਗ ਕੀਤੀ। ਕਲੇਅਰ ਨੇ ਹਾਂਗਕਾਂਗ ਵਿੱਚ ਵਿਦੇਸ਼ੀ ਪੱਤਰਕਾਰਾਂ ਦੇ ਕਲੱਬ ਵਿੱਚ ਦੋਸਤਾਂ ਤੇ ਪਰਵਾਰ ਨਾਲ ਜਨਮ ਦਿਨ ਮਨਾਇਆ।

ਇਸ ਮੌਕੇ ਉਨ੍ਹਾਂ ਦੇ ਜੀਵਨ ‘ਤੇ ਆਧਾਰਤ ਨਵੀਂ ਕਿਤਾਬ ਰਿਲੀਜ਼ ਕੀਤੀ ਗਈ। ਇਸ ਨੂੰ ਉਨ੍ਹਾਂ ਦੇ ਪੜਪੋਤੇ ਪੈਟਿ੍ਰਕ ਗੈਰੇਟ ਨੇ ਲਿਖਿਆ ਹੈ। ਕਲੇਅਰ ਨੇ ਦੋ ਵਾਰੀ ਵਿਆਹ ਕੀਤਾ ਅਤੇ 1980 ਦੇ ਦਹਾਕੇ ਤੋਂ ਹਾਂਗਕਾਂਗ ‘ਚ ਰਹਿ ਰਹੀ ਹੈ। ਉਹ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਨਹੀਂ। ਇਹ ਖਿਤਾਬ ਇਟਲੀ ਦੀ ਐਮਾ ਮੋਰਾਨੋ ਕੋਲ ਹੈ। ਉਹ ਇਸ ਸਮੇਂ 116 ਸਾਲ ਅਤੇ 316 ਦਿਨ ਦੀ ਹੈ। ਇਨ੍ਹਾਂ ਦੇ ਬਾਅਦ ਜਮੈਕਾ ਦੀ ਵਾਇਲੈਟ ਬ੍ਰਾਊਨ ਤੇ ਜਾਪਾਨ ਦੀ ਨਬੀ ਤਾਜੀਮਾ ਉਮਰ ਦੀ 116 ਸਾਲ ਹੈ। ਕਈ ਲੋਕ ਕਲੇਅਰ ਨੂੰ ਦੁਨੀਆ ਦੀ ਸਭ ਤੋਂ ਬਜ਼ੁਰਗ ਪੱਤਰਕਾਰ ਮੰਨਦੇ ਹਨ।