ਹਵਾ 'ਚ ਉਛਾਲਿਆ ਉੱਬਲਦਾ ਹੋਇਆ ਪਾਣੀ, ਅੱਖ ਦੇ ਫੋਰ 'ਚ ਬਣਿਆ ਬਰਫ਼, ਦੇਖੋ ਵੀਡੀਓਜ਼
ਏਬੀਪੀ ਸਾਂਝਾ | 01 Feb 2019 07:28 PM (IST)
ਵਾਸ਼ਿੰਗਟਨ: ਅਮਰੀਕਾ ਦੇ ਉੱਤਰ-ਪੂਰਬੀ ਇਲਾਕਿਆਂ ਦੇ ਤਾਪਮਾਨ ਵਿੱਚ ਭਾਰੀ ਕਮੀ ਦੇਖਣ ਨੂੰ ਮਿਲੀ ਹੈ। ਹਾਲਤ ਇਹ ਹੈ ਕਿ ਉੱਬਲਦਾ ਹੋਇਆ ਪਾਣੀ ਅੱਖ ਝਪਕਦਿਆਂ ਹੀ ਬਰਫ਼ ਬਣ ਰਿਹਾ ਹੈ। ਦੇਸ਼ ਦਾ ਮਸ਼ਹੂਰ ਨਾਇਗਰਾ ਫਾਲਜ਼ ਵੀ ਪੂਰੀ ਤਰ੍ਹਾਂ ਜੰਮ ਚੁੱਕਿਆ ਹੈ। ਇਸ ਖ਼ਤਰਨਾਕ ਠੰਢ ਕਾਰਨ ਸਕੂਲ, ਉਡਾਣਾਂ ਤੇ ਆਵਾਜਾਈ ਠੱਪ ਹੈ। ਇੱਥੋਂ ਤਕ ਕਿ ਸਰਕਾਰ ਨੇ ਲੋਕਾਂ ਨੂੰ ਘਰੋਂ ਨਿੱਕਲਣ ਤੋਂ ਹੀ ਮਨ੍ਹਾ ਕੀਤਾ ਹੋਇਆ ਹੈ। ਗਾਰਡੀਅਨ ਦੀ ਖ਼ਬਰ ਮੁਤਾਬਕ ਕੁਝ ਲੋਕ ਇਸ ਠੰਢ ਦੀ ਤੁਲਨਾ ਨੂੰ ਧਰੁਵ ਯਾਨੀ ਅੰਟਾਰਟਿਕਾ ਨਾਲ ਨਾਲ ਕਰ ਰਹੇ ਹਨ। ਸ਼ਿਕਾਗੋ ਦਾ ਤਾਪਮਾਨ -30 ਡਿਗਰੀ ਤਕ ਡਿੱਗ ਗਿਆ ਹੈ। ਸ਼ਿਕਾਗੋ ਸਮੇਤ ਪੂਰੇ ਉੱਤਰੀ ਇਲਿਓਨਿਸ ਖ਼ਤਰਨਾਕ ਠੰਢ ਦੀ ਲਪੇਟ ਵਿੱਚ ਹੈ। ਅੰਦਾਜ਼ੇ ਮੁਤਾਬਕ ਤਾਪਮਾਨ ਮਨਫ਼ੀ ਤੋਂ 27 ਡਿਗਰੀ ਤਕ ਹੇਠਾਂ ਜਾ ਸਕਦਾ ਹੈ, ਜਦਕਿ ਹਵਾ ਦੀ ਠੰਢਕ 55 ਡਿਗਰੀ ਤਕ ਹੇਠਾਂ ਡਿੱਗ ਸਕਦੀ ਹੈ। ਇੰਨੀ ਠੰਢ ਵਿੱਚ ਲੋਕ ਮਜ਼ੇਦਾਰ ਤਜ਼ਰਬੇ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਉੱਬਲਦੇ ਪਾਣੀ ਨੂੰ ਹਵਾ ਵਿੱਚ ਉਛਾਲਣਾ। ਲੋਕ ਪਾਣੀ ਨੂੰ ਬਾਹਰ ਲਿਆ ਕੇ ਹਵਾ ਵਿੱਚ ਜ਼ੋਰ ਨਾਲ ਉਛਾਲਦੇ ਹਨ। ਇਹ ਪਾਣੀ ਹੇਠਾਂ ਨਹੀਂ ਡਿੱਗਦਾ, ਬਲਕਿ ਬਰਫ਼ ਬਣ ਕੇ ਜੰਮ ਜਾਂਦਾ ਹੈ ਜਾਂ ਭਾਫ ਬਣ ਕੇ ਉੱਡ ਜਾਂਦਾ ਹੈ।