ਮਹੋਬਾ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੀਆਂ ਲਾੜੀਆਂ ਹੁਣ ਕੁਝ ਵਧੇਰੇ ਹੀ ਜੁਝਾਰੂ ਤੇ ਉਦੇਸ਼ਮੁਖੀ ਹੁੰਦੀਆਂ ਜਾ ਰਹੀਆਂ ਹਨ। ਦਰਅਸਲ, ਇਸ ਸੂਬੇ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ; ਜਿਨ੍ਹਾਂ ਵਿੱਚੋਂ ਇੱਕ ਵਿੱਚ ਲਾੜੀ ਨੇ ਇਸ ਲਈ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਲਾੜੇ ਦੇ ਐਨਕਾਂ ਲੱਗੀਆਂ ਹੋਈਆਂ ਸਨ। ਇੱਕ ਹੋਰ ਘਟਨਾ ਵਿੱਚ ਮਹੋਬਾ ਦੀ ਇੱਕ ਲਾੜੀ ਨੇ ਇਸ ਲਈ ਬਰਾਤ ਵਾਪਸ ਭੇਜ ਦਿੱਤੀ ਕਿਉਂਕਿ ਲਾੜੇ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਦੋਵਾਂ ਦੇ ਪਵਿੱਤਰ ਅਗਨੀ ਦੁਆਲੇ ਛੇ ਫੇਰੇ ਮੁਕੰਮਲ ਵੀ ਚੁੱਕੇ ਸਨ।



 

ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਲਾੜਾ ਤੇ ਲਾੜੀ ਲਈ ਵਿਆਹ ਦੀ ਰਸਮ ਨੂੰ ਮੁਕੰਮਲ ਕਰਨ ਵਾਸਤੇ ਇਕੱਠਿਆਂ ਅਗਨੀ ਦੁਆਲੇ ਸੱਤ ਫੇਰੇ ਲੈਣੇ ਜ਼ਰੂਰੀ ਹੁੰਦੇ ਹਨ ਪਰ ਕੁਲਪਹਾੜ ਤਹਿਸੀਲ ਦੇ ਪਿੰਡ ਵਿੱਚ ਹੋ ਰਹੇ ਵਿਆਹ ਦੀ ਰਸਮ ਦੌਰਾਨ ਲਾੜੀ ਨੇ ਸ਼ਰਾਬੀ ਲਾੜੇ ਨਾਲ ਸੱਤਵਾਂ ਫੇਰਾ ਲੈਣ ਤੋਂ ਸਾਫ਼ ਨਾਂਹ ਕਰ ਦਿੱਤੀ ਤੇ ਉੱਥੇ ਮੰਡਪ ਵਿੱਚ ਹੀ ਐਲਾਨ ਕਰ ਦਿੱਤਾ ਕਿ ਉਹ ਕਿਸੇ ਹਾਲਤ ਵਿੱਚ ਵੀ ਇਹ ਵਿਆਹ ਨਹੀਂ ਕਰੇਗੀ।

 

ਲਾੜੀ ਤੇ ਲਾੜੇ ਦੇ ਨੇੜਲੇ ਰਿਸ਼ਤੇਦਾਰਾਂ ਤੇ ਹੋਰ ਜਾਣਕਾਰਾਂ ਨੇ ਮਨਾਉਣ ਦੀਆਂ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਪਰ ੳਹ ਨਾ ਮੰਨੀ। ਤਦ ਇਹ ਮਾਮਲਾ ਕੁਝ ਗੰਭੀਰ ਹੋ ਗਿਆ। ਅੱਧੀ ਰਾਤ ਨੂੰ ਹੀ ਪੰਚਾਇਤ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਲਈ ਸੱਦਿਆ ਗਿਆ ਪਰ ਲਾੜੀ ਫਿਰ ਵੀ ਨਾ ਮੰਨੀ ਤੇ ਆਖ਼ਰ ਲਾੜੇ ਨੂੰ ਬਰਾਤ ਸਮੇਤ ਬੇਰੰਗ ਪਰਤਣਾ ਪਿਆ।

 

ਜਦੋਂ ਲਾੜੀ ਤੋਂ ਪੁੱਛਿਆ ਗਿਆ ਕਿ ਉਹ ਹੁਣ ਇਹ ਵਿਆਹ ਕਿਉਂ ਨਾ ਕਰਵਾਉਣਾ ਚਾਹੁੰਦੀ, ਤਾਂ ਉਸ ਦਾ ਸਿਰਫ਼ ਇਹੋ ਜਵਾਬ ਸੀ ਕਿ ਉਹ ਲਾੜੇ ਨੂੰ ਪਸੰਦ ਨਹੀਂ ਕਰਦੀ। ਉਧਰ ਲਾੜੇ ਦੇ ਪਿਓ ਨੇ ਕਿਹਾ ਕਿ ਜਦੋਂ ਉਸ ਨੇ ਵਿਆਹ ਕਰਵਾਉਣਾ ਹੀ ਨਹੀਂ ਸੀ, ਤਾਂ ਉਸ ਨੇ ਐਂਵੇਂ ਹੋਰ ਰੀਤੀ–ਰਿਵਾਜ ਕਿਉਂ ਹੋਣ ਦਿੱਤੇ। ਸੂਤਰਾਂ ਨੇ ਦੱਸਿਆ ਕਿ ਵਿਆਹ ਦੀਆਂ ਸਾਰੀਆਂ ਰੀਤਾਂ ਚੰਗੀਆਂ ਭਲੀਆਂ ਹੋ ਰਹੀਆਂ ਸਨ ਤੇ ਕਿਤੇ ਕੋਈ ਤਣਾਅ ਨਹੀਂ ਸੀ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ