ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨਾਲ 'ਮਨ ਕੀ ਬਾਤ' ਕੀਤੀ। ਉਨ੍ਹਾਂ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਕੋਰੋਨਾ ਖ਼ਿਲਾਫ਼ ਲੜਾਈ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕੋਰੋਨਾ ਟੀਕਾਕਰਨ ਲਈ ਲੋਕਾਂ ਨੂੰ ਜਾਗਰੂਕ ਰਹਿਣ ਤੇ ਅਫ਼ਵਾਹਾਂ ਤੋਂ ਦੂਰ ਰਹਿਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ ਟੋਕੀਓ ਓਲੰਪਿਕ 'ਚ ਹਿੱਸਾ ਲੈਣ ਜਾ ਰਹੇ ਖਿਡਾਰੀਆਂ ਦਾ ਮਨੋਬਲ ਵਧਾਇਆ। ਉਨ੍ਹਾਂ ਨੇ ਮਰਹੂਮ ਉਡਣੇ ਸਿੱਖ ਮਿਲਖਾ ਸਿੰਘ ਨੂੰ ਵੀ ਯਾਦ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, “ਕੋਰੋਨਾ ਖਿਲਾਫ ਸਾਡੇ ਦੇਸ਼ ਵਾਸੀਆਂ ਦੀ ਲੜਾਈ ਚੱਲ ਰਹੀ ਹੈ, ਪਰ ਇਸ ਲੜਾਈ ਵਿੱਚ ਮਿਲ ਕੇ ਅਸੀਂ ਕਈ ਅਸਧਾਰਨ ਮੀਲ ਪੱਥਰ ਵੀ ਹਾਸਲ ਕਰ ਰਹੇ ਹਾਂ। ਕੁਝ ਦਿਨ ਪਹਿਲਾਂ ਸਾਡੇ ਦੇਸ਼ ਨੇ ਇੱਕ ਬੇਮਿਸਾਲ ਕੰਮ ਕੀਤਾ ਹੈ। ਟੀਕਾ ਮੁਹਿੰਮ ਦਾ ਅਗਲਾ ਪੜਾਅ 21 ਜੂਨ ਨੂੰ ਸ਼ੁਰੂ ਹੋਇਆ ਸੀ ਤੇ ਉਸੇ ਦਿਨ ਦੇਸ਼ ਨੇ 86 ਲੱਖ ਤੋਂ ਵੱਧ ਲੋਕਾਂ ਨੂੰ ਮੁਫਤ ਟੀਕਾ ਮੁਹੱਈਆ ਕਰਵਾਉਣ ਦਾ ਰਿਕਾਰਡ ਵੀ ਬਣਾਇਆ ਸੀ ਤੇ ਉਹ ਵੀ ਇੱਕੋ ਦਿਨ ਵਿੱਚ।
‘ਮਨ ਕੀ ਬਾਤ’ ਦਾ ਸਿੱਧਾ ਪ੍ਰਸਾਰਣ ਬੀਜੇਪੀ ਦੇ ਯੂ-ਟਿਊਬ ਚੈਨਲ ਤੇ ਪ੍ਰਧਾਨ ਮੰਤਰੀ ਦਫਤਰ ਦੀ ਵੈੱਬਸਾਈਟ 'ਤੇ ਕੀਤਾ ਗਿਆ। ਇਹ ਆਲ ਇੰਡੀਆ ਰੇਡੀਓ, ਦੂਰਦਰਸ਼ਨ ਦੇ ਪੂਰੇ ਨੈੱਟਵਰਕ ਤੇ ਆਲ ਇੰਡੀਆ ਰੇਡੀਓ ਨਿਊਜ਼ ਵੈੱਬਸਾਈਟ ਤੇ ਮੋਬਾਈਲ ਐਪ 'ਤੇ ਵੀ ਪ੍ਰਸਾਰਿਤ ਕੀਤਾ ਗਿਆ।
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਵੀ ‘ਮਨ ਕੀ ਬਾਤ’ ਬਾਰੇ ਟਵੀਟ ਕਰਕੇ ਕਿਹਾ ਸੀ ਕਿ ਰੇਡੀਓ ਪ੍ਰੋਗਰਾਮ ਹਰ ਘਰ ਵਿੱਚ ਸੁਣਿਆ ਜਾਵੇਗਾ ਤੇ ਸਾਰੇ ਪਾਰਟੀ ਵਰਕਰਾਂ ਨੂੰ ਇਸ ਨੂੰ ਸੁਣਨ ਦੀ ਅਪੀਲ ਕੀਤੀ। ਨੱਡਾ ਨੇ ਟਵੀਟ ਕੀਤਾ, “ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਸ਼ਹੂਰ ‘ਮਨ ਕੀ ਬਾਤ’ ਦੇ ਹਵਾਲੇ ਨਾਲ ਕਈ ਚਿੱਠੀਆਂ ਮਿਲਦੀਆਂ ਰਹਿੰਦੀਆਂ ਹਨ। ‘ਮਨ ਕੀ ਬਾਤ’ ਘਰ-ਘਰ ਸੁਣਾਈ ਦਿੰਦੀ ਹੈ, ਜਿਵੇਂ ਘਰ ਦੇ ਬਜ਼ੁਰਗਾਂ ਨਾਲ ਹਲਕੀ ਗੱਲਬਾਤ ਹੁੰਦੀ ਹੈ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 78ਵੇਂ ਐਪੀਸੋਡ ਨੂੰ ਸੰਬੋਧਨ ਕੀਤਾ। ਸਨਿੱਚਰਵਾਰ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦਾ ਪੁਰਾਣਾ ਐਪੀਸੋਡ ਵੀ ਸਾਂਝਾ ਕੀਤਾ, ਜਿਸ ਵਿੱਚ ਨਸ਼ਾਖੋਰੀ ਤੇ ਇਸ਼ਤਿਹਾਰਬਾਜ਼ੀ ਵਿਰੁੱਧ ਅੰਤਰਰਾਸ਼ਟਰੀ ਦਿਵਸ 'ਤੇ ਨਸ਼ਿਆਂ ਦੇ ਖ਼ਤਰੇ ਨੂੰ ਦੂਰ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਪੀਐਮ ਮੋਦੀ ਨੇ ਟਵੀਟ ਕੀਤਾ, "ਆਓ ਅਸੀਂ ਨਸ਼ਾ ਮੁਕਤ ਭਾਰਤ ਦੇ ਸੁਫ਼ਨੇ ਨੂੰ ਸਾਕਾਰ ਕਰਨ ਅਤੇ ਸਹੀ ਜਾਣਕਾਰੀ ਸਾਂਝੀ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਈਏ। ਯਾਦ ਰੱਖੋ, ਨਸ਼ਾ ਨਾ ਤਾਂ ਚੰਗੀ ਚੀਜ਼ ਹੈ ਤੇ ਨਾ ਹੀ ਕੋਈ ਸਟਾਈਲ।"