ਨਵੀਂ ਦਿੱਲੀ: ਅਸੀਂ ਜਦੋਂ ਕਦੇ ਹਵਾਈ ਯਾਤਰਾ ਕਰਦੇ ਹਾਂ, ਤਾਂ ਈਸ਼ਵਰ ਤੋਂ ਸੁਰੱਖਿਅਤ ਯਾਤਰਾ ਦੀ ਕਾਮਨਾ ਕਰਦੇ ਹਾਂ ਕਿ ਤਾਂ ਜੋ ਸਾਡੀ ਯਾਤਰਾ ਵਧੀਆ ਰਹਿ ਸਕੇ ਪਰ ਕੀ ਕਦੇ ਤੁਸੀਂ ਹਵਾਈ ਯਾਤਰਾ ਤੋਂ ਡਰ ਕੇ ਜਾਂ ਫਿਰ ‘ਗੁੱਡ ਲੱਕ’ ਮੰਨ ਕੇ ਕੁਝ ਅਜਿਹਾ ਕੀਤਾ ਹੈ ਕਿ ਜਿਸ ਨਾਲ ਫ਼ਲਾਈਟ ਹੀ ਰੱਦ ਕਰਨੀ ਪਈ ਹੋਵੇ। ਦਰਅਸਲ, ਚੀਨ ’ਚ ਅਜਿਹਾ ਹੀ ਕੁਝ ਹੋਇਆ। ਯਾਤਰਾ ਦੌਰਾਨ ‘ਗੁੱਡ ਲੱਕ’ ਲਈ ਸਿੱਕੇ ਸੁੱਟਣਾ ਨਾ ਸਿਰਫ਼ ਇਸ ਯਾਤਰੀ ਨੂੰ ਭਾਰੂ ਪਿਆ, ਸਗੋਂ ਬਾਕੀ ਯਾਤਰੀਆਂ ਨੂੰ ਵੀ ਆਪਣੀ ਯਾਤਰਾ ਦੀ ਇੱਕ ਦਿਨ ਉਡੀਕ ਕਰਨੀ ਪਈ।


ਦਰਅਸਲ, ਬੀਬੂ ਗਲਫ਼ ਏਅਰਲਾਈਨਜ਼ ਦੀ ਉਡਾਣ GX8814 ਦੀ ਸ਼ੇਡੋਂਗ ਸੂਬੇ ਦੇ ਬੇਫ਼ਾਂਗ ਤੋਂ ਹੈਨਾਨ ਦੇ ਟਾਪੂ ’ਤੇ ਹਾਇਕੋਊ ਤੱਕ 148 ਯਾਤਰੀਆਂ ਨੂੰ ਲੈ ਕੇ ਉਡਾਣ ਭਰਨੀ ਸੀ ਪਰ ਤਦ ਹੀ ਪਤਾ ਚੱਲਿਆ ਕਿ ਵਾਂਗ ਨਾਂ ਦੇ ਯਾਤਰੀ ਨੇ ਪਲੇਨ ਦੇ ਇੰਜਣ ਉੱਤੇ ਕੁਝ ਸਿੱਕਿਆਂ ਨੂੰ ਲਾਲ ਕਾਗਜ਼ ਵਿੱਚ ਬੰਨ੍ਹ ਕੇ ਸੁੱਟਿਆ। ਇਹ ਜਾਣਕਾਰੀ ਰਨਵੇਅ ਦੇ ਕਰਮਚਾਰੀਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਸੁਰੱਖਿਆ ਦੇ ਚੱਲਦਿਆਂ ਯਾਤਰਾ ਨੂੰ ਪੂਰੇ ਇੱਕ ਦਿਨ ਲਈ ਰੱਦ ਕਰ ਦਿੱਤਾ ਗਿਆ।


ਮੰਨਿਆ ਜਾ ਰਿਹਾ ਹੈ ਕਿ ਜਹਾਜ਼ ਦੇ ਇੰਜਣ ’ਚ ਸਿੱਕੇ ਸੁੱਟਣ ਨਾਲ ਇੰਜਣ ਨੂੰ ਨੁਕਸਾਨ ਪੁੱਜਦਾ ਹੈ, ਜਿਸ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਵਾਂਗ ਨਾਂ ਦੇ ਉਸ ਯਾਤਰੀ ਨੇ ਸਿੱਕੇ ਉਛਾਲਣ ਦੀ ਗੱਲ ਨੂੰ ਕਬੂਲ ਕਰਦਿਆਂ ਕਿਹਾ ਕਿ ਉਸ ਨੇ ਗੁੱਡ ਲੱਕ ਲਈ ਅਜਿਹਾ ਕੀਤਾ ਸੀ ਕਿ ਤਾਂ ਜੋ ਯਾਤਰਾ ਦੌਰਾਨ ਕੋਈ ਪ੍ਰੇਸ਼ਾਨੀ ਨਾ ਆਵੇ ਤੇ ਜਹਾਜ਼ ਆਰਾਮ ਨਾਲ ਆਪਣੇ ਟਿਕਾਣੇ ਤੱਕ ਅੱਪੜ ਸਕੇ।


ਉਝ ਚੀਨ ’ਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਜਦੋਂ ਕਿਸੇ ਯਾਤਰੀ ਨੇ ਗੁੱਡ ਲੱਕ ਲਈ ਉਡਾਣ ਭਰਨ ਤੋਂ ਪਹਿਲਾਂ ਸਿੱਕੇ ਉਛਾਲੇ ਹੋਣ। ਸਾਲ 2020 ’ਚ ਪਹਿਲੀ ਵਾਰ ਉਡਾਣ ਭਰਨ ਵਾਲੇ ਯਾਤਰੀ ਨੇ ਗੁੱਡ ਲੱਕ ਦੇ ਚੱਲਦਿਆਂ ਇੰਜਣ ਵਿੰਚ ਸਿੱਕੇ ਸੁੱਟੇ ਸਨ। ਤਦ ਚੀਨੀ ਏਅਰਲਾਈਨ ਨੇ ਉਸ ਤੋਂ 13,000 ਪੌਂਡ ਜੁਰਮਾਨਾ ਮੰਗਿਆ ਸੀ। ਸਾਲ 2019 ’ਚ ਵੀ 28 ਸਾਲਾਂ ਦੇ ਇੱਕ ਯਾਤਰੀ ਨੇ ਸੁਰੱਖਿਅਤ ਯਾਤਰਾ ਦੀ ਇੱਛਾ ਨਾਲ ਇੰਝ ਹੀ ਸਿੱਕੇ ਉਛਾਲੇ ਸਨ।


ਇਹ ਵੀ ਪੜ੍ਹੋ: Best plan of Jio, Airtel, Vi: 100 ਰੁਪਏ ਤੋਂ ਘੱਟ ਕੀਮਤ ’ਚ Jio, Airtel ਤੇ Vi ਦੇ ਬੈਸਟ ਪਲੈਨ, ਮਿਲ ਰਹੇ ਸ਼ਾਨਦਾਰ ਆਫ਼ਰਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904