ਚੀਨ ਹੁਣ ਚਲਾਏਗਾ 'ਆਨਲਾਈਨ ਅਦਾਲਤਾਂ'
ਏਬੀਪੀ ਸਾਂਝਾ | 19 Aug 2017 12:55 PM (IST)
ਬੀਜਿੰਗ: ਚੀਨ ਦੇ ਹਾਂਗਝੋਊ ਵਿੱਚ ਦੁਨੀਆਂ ਦੀ ਪਹਿਲੀ ਇੰਟਰਨੈੱਟ ਆਧਾਰਤ ਅਦਾਲਤ ਸ਼ੁਰੂ ਕੀਤੀ ਗਈ ਹੈ। ਇਸ ਅਦਾਲਤ ਵਿੱਚ ਨਿਆਂ ਲਈ ਅਰਜ਼ੀ ਜਾਂ ਪਟੀਸ਼ਨ ਦਾਇਰ ਕਰਨ ਦੇ ਨਾਲ-ਨਾਲ, ਸੁਣਵਾਈ ਅਤੇ ਫੈਸਲਾ ਸਭ ਆਨਲਾਈਨ ਹੀ ਹੋਵੇਗਾ। ਇਸ ਅਦਾਲਤ ਦੇ ਕੰਮ-ਕਾਜ ਦਾ ਤਰੀਕਾ ਆਮ ਅਦਾਲਤਾਂ ਨਾਲੋਂ ਬਹੁਤ ਵੱਖਰਾ ਹੋਵੇਗਾ। ਦੈਨਿਕ ਭਾਸਕਰ ਵਿੱਚ ਛਪੀ ਖ਼ਬਰ ਮੁਤਾਬਿਕ ਇਸ ਅਦਾਲਤ ਵਿੱਚ ਕੇਸ ਨਾਲ ਸਬੰਧਤ ਧਿਰਾਂ, ਗਵਾਹ ਅਤੇ ਵਕੀਲਾਂ ਦੀ ਪੇਸ਼ੀ ਲਈ ਅਦਾਲਤ ਵਿੱਚ ਹਾਜ਼ਰ ਹੋਣ ਦੀ ਲੋੜ ਨਹੀਂ ਬਲਕਿ ਉਹ ਕਿਤੇ ਵੀ ਕੰਪਿਊਟਰ ਜਾਂ ਸਮਾਰਟਫੋਨ ਰਾਹੀਂ ਵੀਡੀਓ ਚੈਟ ਰਾਹੀਂ ਆਪਣਾ ਪੱਖ ਰੱਖ ਸਕਦੇ ਹਨ। ਸੁਣਵਾਈ ਪੂਰੀ ਹੋਣ ਤੋਂ ਬਾਅਦ ਜੱਜ ਆਪਣਾ ਫੈਸਲਾ ਵੀ ਆਨਲਾਈਨ ਹੀ ਸੁਣਾ ਸਕਦਾ ਹੈ। ਇਸ ਅਦਾਲਤ ਦਾ ਕੋਰਟ ਰੂਮ ਆਮ ਨਾਲੋਂ ਕਾਫੀ ਵੱਖਰਾ ਅਤੇ ਉੱਚ-ਪੱਧਰੀ ਤਕਨੀਕੀ ਉਪਕਰਣਾਂ ਨਾਲ ਲੈਸ ਹੈ ਅਤੇ ਇਨ੍ਹਾਂ ਦੀ ਵਰਤੋਂ ਲਈ ਜੱਜਾਂ ਨੂੰ ਵੀ ਬਾਕਾਇਦਾ ਸਿਖਲਾਈ ਦਿੱਤੀ ਗਈ ਹੈ। ਇਸ ਅਦਾਲਤ ਵਿੱਚ ਆਨਾਲਾਈਨ ਸ਼ਾਪਿੰਗ, ਬੈਂਕ ਟ੍ਰਾਂਜ਼ੈਕਸ਼ਨ ਤੋਂ ਇਲਾਵਾ ਇੰਟਰਨੈੱਟ 'ਤੇ ਕੋਈ ਜਾਣਕਾਰੀ ਗ਼ਲਤ ਦੇਣ, ਕਾਪੀਰਾਈਟ, ਇਕਰਾਰਨਾਮਾ, ਹੈਕਿੰਗ, ਕਰਜ਼ ਆਦਿ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਲਾਈਵ ਹੋਵੇਗੀ। ਇੱਥੇ ਦੱਸਣਾ ਬਣਦਾ ਹੈ ਕਿ 2016 ਵਿੱਚ ਪੂਰੀ ਦੁਨੀਆ ਦੇ ਲੋਕਾਂ ਨਾਲ ਵੱਖ-ਵੱਖ ਥਾਵਾਂ 'ਤੇ 1.58 ਲੱਖ ਕਰੋੜ ਦੀ ਆਨਲਾਈਨ ਠੱਗੀ ਹੋਈ ਹੈ। ਇਸੇ ਕਾਰਨ ਆਨਾਲਈਨ ਅਦਾਲਤ ਵਜੂਦ ਵਿੱਚ ਆਈਆਂ। ਚੀਨ ਦੀ ਬੀਜਿੰਗ ਯੂਨੀਵਰਸਿਟੀ ਦੇ ਪ੍ਰੋਫੈਸਰ ਸੀ. ਯਾਂਗਜਿਯਾਂਗ ਅਤੇ ਕਮਿਊਨੀਕੇਸ਼ਨ ਯੂਨੀਵਰਸਿਟੀ ਆਫ਼ ਚਾਈਨਾ ਦੇ ਪ੍ਰੋਫੈਸਰ ਵਾਂਗ ਸ਼ਿਝਿਨ ਮੁਤਾਬਕ ਇੰਟਰਨੈੱਟ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਬਦਲ ਦਿੱਤਾ ਹੈ। ਇਸੇ ਲਈ ਕਾਨੂੰਨ ਪ੍ਰਣਾਲੀ ਨੂੰ ਇੰਟਰਨੈੱਟ ਰਾਹੀਂ ਲੋਕਾਂ ਦੀ ਪਹੁੰਚ ਵਿੱਚ ਲਿਆਉਣ ਲਈ ਆਨਲਾਈਨ ਅਦਾਲਤ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਦਾਲਤ ਦੁਨੀਆ ਦੀਆਂ ਨਿਆਂ ਪ੍ਰਣਾਲੀਆਂ ਸਨਮੁਖ ਇੱਕ ਮਾਡਲ ਬਣੇਗੀ।