ਕੈਪਟਨ ਨੇ ਚੁੱਕਿਆ ਡੰਡਾ, ਹੁਣ ਨਕਲੀ ਕੀਟਨਾਸ਼ਕ ਵੇਚਣ ਵਾਲਿਆਂ ਦੀ ਖ਼ੈਰ ਨਹੀਂ...
ਏਬੀਪੀ ਸਾਂਝਾ | 19 Aug 2017 09:49 AM (IST)
ਚੰਡੀਗੜ੍ਹ : ਹੁਣ ਨਕਲੀ ਤੇ ਘਟੀਆ ਕੀੜੇਮਾਰ ਤੇ ਨਦੀਨਨਾਸ਼ਕ ਵੇਚਣ ਵਾਲਿਆਂ ਦੀ ਖੈਰ ਨਹੀਂ। ਪੰਜਾਬ ਸਰਕਾਰ ਨੇ ਅਜਿਹੇ ਲੋਕਾਂ ਖਿਲਾਫ ਸਖ਼ਤ ਕਦਮ ਚੁੱਕੇਗੀ। ਇਸਦੇ ਲਈ ਕੇਂਦਰ ਸਰਕਾਰ ਦੇ ਕੀੜੇਮਾਰ ਦਵਾਈਆਂ ਦੇ ਕੰਟਰੋਲ ਲਈ ਬਣਾਏ ਕੇਂਦਰੀ ਐਕਟ ਹੋਰ ਸਖ਼ਤ ਕਰਨ ਲਈ ਸੁਝਾਅ ਵੀ ਦੇਵੇਗੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲਵਾ ਖਿੱਤੇ ਦੇ ਸੱਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀਆਂ ਨੂੰ ਮੀਟਿੰਗ ਦੌਰਾਨ ਕਿਹਾ ਕਿ ਉਹ ਨਕਲੀ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ’ਤੇ ਸ਼ਿਕੰਜਾ ਕਸਣ ਤਾਂ ਜੋ ਕਿਸਾਨਾਂ ਦੀ ਨਰਮੇ ਦੀ ਫ਼ਸਲ ਦਾ ਚਿੱਟੀ ਮੱਖੀ ਕਾਰਨ ਨੁਕਸਾਨ ਨਾ ਹੋਵੇ। ਜਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਨਰਮੇ ਦੀ ਫ਼ਸਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ ਕੀਤਾ ਸੀ ਤੇ ਉਸੇ ਦਿਨ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਉਹ ਨਕਲੀ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ। ਉਸ ਤੋਂ ਬਾਅਦ ਪੁਲੀਸ ਤੁਰੰਤ ਹਰਕਤ ਵਿੱਚ ਆ ਗਈ ਸੀ, ਜਿਸ ਕਾਰਨ ਦੁਕਾਨਦਾਰਾਂ ਨੇ ਨਕਲੀ ਦਵਾਈਆਂ ਨਹਿਰਾਂ ਵਿੱਚ ਰੋੜ੍ਹ ਦਿੱਤੀਆਂ ਸਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਨਕਲੀ ਦਵਾਈਆਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾਵੇ। ਮੁੱਖ ਮੰਤਰੀ ਨੇ ਚਾਰ ਜ਼ਿਲ੍ਹਿਆਂ ਮਾਨਸਾ, ਬਠਿੰਡਾ, ਮੁਕਤਸਰ ਤੇ ਫ਼ਾਜ਼ਿਲਕਾ ਵੱਲ ਵਿਸ਼ੇਸ਼ ਧਿਆਨ ਦੇਣ ਨੂੰ ਕਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਕਿਹਾ ਸੀ ਕਿ ਉਹ ਕੇਂਦਰ ਸਰਕਾਰ ਦੇ ਕਾਨੂੰਨ ਨੂੰ ਸਖ਼ਤ ਬਣਾਉਣ ਲਈ ਗੱਲ ਕਰਨਗੇ ਤੇ ਹੋਰ ਕਈ ਕਦਮ ਚੁੱਕਣਗੇ। ਮੀਟਿੰਗ ਵਿੱਚ ਨਰਮੇ ਦੇ ਨਕਲੀ ਬੀਜਾਂ ’ਤੇ ਨੱਥ ਪਾਉਣ ਬਾਰੇ ਵੀ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿਤਾ। ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਚਿੱਟੀ ਮੱਖੀ ਦੇ ਹਮਲੇ ਕਾਰਨ 3.82 ਲੱਖ ਹੈਕਟੇਅਰ ਰਕਬੇ ਵਿੱਚੋਂ ਸਿਰਫ਼ 18.1 ਹੈਕਟੇਅਰ ਫ਼ਸਲ ਦਾ ਹੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਮੂਲੀ ਨੁਕਸਾਨ ਦੇ ਬਾਵਜੂਦ ਭਰਵੀਂ ਫ਼ਸਲ ਖੇਤਾਂ ਵਿੱਚ ਖੜ੍ਹੀ ਹੈ।