ਲਖਨਾਊ: ਮੋਤੀ ਮਹਿਲ ਲਾਅਨ 'ਚ ਸ਼ਨੀਵਾਰ ਨੂੰ ਸਿੱਖ ਸੱਭਿਆਚਾਰ ਮੇਲੇ 'ਚ ਪਹੁੰਚੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀਰ ਖ਼ਾਲਸਾ ਦਲ ਦੇ ਹੈਰਾਨ ਕਰਨ ਵਾਲੇ ਕਰਤਬ ਵੇਖੇ। ਇਸ ਦੌਰਾਨ ਇੱਕ ਦਿਲਚਸਪ ਘਟਨਾਕ੍ਰਮ ਤੋਂ ਬਾਅਦ ਮੁੱਖ ਮੰਤਰੀ ਨੂੰ ਕਾਫ਼ੀ ਦੇਰ ਤੱਕ ਪ੍ਰੋਗਰਾਮ 'ਚ ਰੁਕਣਾ ਪਿਆ। ਮਾਮਲਾ ਕੁਝ ਇੰਝ ਸੀ ਕਿ ਜਦੋਂ ਸੀਐਮ ਯੋਗੀ ਪ੍ਰੋਗਰਾਮ 'ਚੋਂ ਜਾਣ ਲੱਗੇ ਤਾਂ ਵੀਰ ਖ਼ਾਲਸਾ ਦਲ ਦੇ ਸਭ ਤੋਂ ਲੰਬੇ ਮੈਂਬਰ ਜਗਦੀਪ ਸਿੰਘ ਨੇ ਉਨ੍ਹਾਂ ਨੂੰ ਕਰਤਬ ਦੇਖਣ ਦੀ ਬੇਨਤੀ ਕੀਤੀ, ਜਿਸ 'ਤੇ ਸੀਐਮ ਨੇ ਹਾਮੀ ਭਰ ਦਿੱਤੀ।


ਜਗਦੀਪ ਦੇ ਕਹਿਣ 'ਤੇ ਮੁੱਖ ਮੰਤਰੀ ਵਾਪਸ ਪਰਤੇ

ਵੀਰ ਖ਼ਾਲਸਾ ਦਲ ਦੇ ਸਭ ਤੋਂ ਲੰਬੇ ਮੈਂਬਰ ਜਗਦੀਪ ਸਿੰਘ ਨੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਕਰਤਬ ਦੇਖਣ ਲਈ ਬੇਨਤੀ ਕੀਤੀ ਤਾਂ ਮੁੱਖ ਮੰਤਰੀ ਵਾਪਸ ਬੈਠ ਗਏ। 7.6 ਫੁੱਟ ਲੰਬੇ ਜਗਦੀਪ ਦਾ ਭਾਰ 200 ਕਿਲੋਗ੍ਰਾਮ ਹੈ ਤੇ ਉਹ 20 ਨੰਬਰ ਦੀ ਜੁੱਤੀ ਪਾਉਂਦੇ ਹਨ। ਦੇਸ਼ ਦੇ ਸਭ ਤੋਂ ਲੰਬੇ ਪੁਲਿਸ ਮੁਲਾਜ਼ਮ ਜਗਦੀਪ ਨਾਲ ਸੈਲਫ਼ੀ ਲੈਣ ਵਾਲਿਆਂ ਦੀ ਹਮੇਸ਼ਾ ਭੀੜ ਲੱਗੀ ਰਹਿੰਦੀ ਹੈ।

ਜਗਦੀਪ ਦਾ ਕਹਿਣਾ ਹੈ ਕਿ ਥਾਣੇ ਜਾਂ ਦਫ਼ਤਰ 'ਚ ਦਾਖ਼ਲ ਹੁੰਦਿਆਂ ਉਹ ਪਹਿਲੀ ਚੀਜ਼ ਇਹ ਵੇਖਦੇ ਹਨ ਕਿ ਉੱਥੇ ਮਜ਼ਬੂਤ ਕੁਰਸੀ ਹੈ ਜਾਂ ਨਹੀਂ। ਪੰਜਾਬ ਆਰਮਡ ਪੁਲਿਸ 'ਚ ਤਾਇਨਾਤ ਜਗਦੀਪ ਨੇ ਦੱਸਿਆ ਕਿ ਉਹ ਕੁਰਸੀ ਨੂੰ ਕੰਧ ਦੇ ਨੇੜੇ ਟਿਕਾ ਕੇ ਰੱਖਦੇ ਹਨ ਤਾਂ ਕਿ ਡਿੱਗਣ ਦਾ ਡਰ ਨਾ ਰਹੇ। ਉਸ ਦਾ ਕਹਿਣਾ ਹੈ ਕਿ ਜਦੋਂ ਉਹ 'ਅਮਰੀਕਾਜ਼ ਗੌਟ ਟੇਲੈਂਟ' ਸ਼ੋਅ 'ਚ ਹਿੱਸਾ ਲੈਣ ਗਏ ਸਨ ਤਾਂ 20 ਨੰਬਰ ਦੇ ਬੂਟ ਲੱਭਣ 'ਚ ਖੱਜਲ-ਖੁਆਰ ਹੋਏ ਸਨ।

ਵੀਰ ਖ਼ਾਲਸਾ ਦਲ ਨੇ ਦਿਖਾਏ ਹੈਰਾਨੀਜਨਕ ਕਾਰਨਾਮੇ
ਇੰਡੀਆਜ਼ ਗੌਟ ਟੈਲੇਂਟ ਤੇ ਗਿਨੀਜ਼ ਬੁੱਕ ਆਫ਼ ਰਿਕਾਰਡ 'ਚ ਨਾਮ ਦਰਜ ਕਰਵਾਉਣ ਵਾਲੇ ਵੀਰ ਖ਼ਾਲਸਾ ਦਲ ਦੇ ਮੈਂਬਰਾਂ ਨੇ ਹੈਰਤਅੰਗੇਜ਼ ਕਾਰਨਾਮੇ ਦਿਖਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਟੀਮ ਦੇ ਮੈਂਬਰਾਂ ਨੇ 1984 ਦੇ ਸਿੱਖ ਦੰਗਿਆਂ ਨੂੰ ਸਟੇਜ 'ਤੇ ਪੇਸ਼ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਟੀਮ ਦੇ ਮੁਖੀ ਕੰਵਲਜੀਤ ਸਿੰਘ ਸਮੇਤ 16 ਮੈਂਬਰੀ ਟੀਮ ਨੇ ਅੱਗ ਨਾਲ ਖੇਡਣ ਵਾਲੇ ਕਈ ਕਰਤਬ ਵਿਖਾ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਵਿਆਹ ਲਈ ਕੁੜੀ ਲੱਭਣ 'ਚ ਵੀ ਆਈ ਸੀ ਪ੍ਰੇਸ਼ਾਨੀ
ਜਗਦੀਪ ਨੇ ਦੱਸਿਆ ਕਿ ਉਸ ਦੀ 10 ਸਾਲ ਦੀ ਬੇਟੀ ਹੈ। ਜਦੋਂ ਉਨ੍ਹਾਂ ਦਾ ਵਿਆਹ ਹੋਣਾ ਸੀ ਤਾਂ ਕੁੜੀ ਲੱਭਣੀ ਬਹੁਤ ਔਖੀ ਸੀ। ਕਾਫੀ ਮਿਹਨਤ ਤੋਂ ਬਾਅਦ 5.11 ਫੁੱਟ ਲੰਬੀ ਸੁਖਬੀਰ ਕੌਰ ਨਾਲ ਵਿਆਹ ਹੋਇਆ। ਅੰਮ੍ਰਿਤਸਰ ਦੇ ਜੇਠੌਲ ਦੇ ਰਹਿਣ ਵਾਲੇ ਜਗਦੀਪ ਆਮ ਲੋਕਾਂ ਵਾਂਗ ਹੀ ਭੋਜਨ ਖਾਂਦੇ ਹਨ।