ਨਵੀਂ ਦਿੱਲੀ: ਇਹ ਖ਼ਬਰ ਤੁਹਾਨੂੰ ਥੋੜ੍ਹੀ ਫ਼ਿਲਮੀ ਲੱਗ ਸਕਦੀ ਹੈ, ਪਰ ਹੈ ਸੱਚ। ਵੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਕੰਪਨੀ 'ਚੋਂ ਮੁਲਾਜ਼ਮ ਨੂੰ ਕੱਢਿਆ ਜਾਂਦਾ ਹੈ ਤਾਂ ਉਹ ਹਾਰ ਮੰਨ ਲੈਂਦਾ ਹੈ ਅਤੇ ਦੂਜੇ ਪਾਸੇ ਤੁਰ ਪੈਂਦਾ ਹੈ। ਪਰ ਕਰਨਾਟਕ ਸਿਲਕ ਇੰਡਸਟ੍ਰੀਜ਼ ਕਾਰਪੋਰੇਸ਼ਨ 'ਚ ਕੰਮ ਕਰਨ ਵਾਲੇ 49 ਸਾਲ ਦੇ ਵਾਈ.ਐਨ. ਕ੍ਰਿਸ਼ਨਾਮੂਰਤੀ ਨੂੰ ਕੰਪਨੀ 6 ਵਾਰ ਹਟਾ ਚੁੱਕੀ ਹੈ ਪਰ ਉਹ ਅਦਾਲਤ ਜਾ ਕੇ ਹਰ ਵਾਰ ਕੰਪਨੀ ਵਿੱਚ ਵਾਪਸੀ ਕਰ ਜਾਂਦੇ ਹਨ। ਇੰਨਾ ਹੀ ਨਹੀਂ ਇਸ ਦੇ ਨਾਲ ਹੀ ਕੰਪਨੀ ਤੋਂ ਮੁਆਵਜ਼ਾ ਵੀ ਲੈਂਦੇ ਹਨ।
ਮੂਰਤੀ ਨੇ 11 ਸਤੰਬਰ 1987 ਨੂੰ ਅਸਿਸਟੈਂਟ ਸੇਲਜ਼ ਅਫ਼ਸਰ ਦੇ ਅਹੁਦੇ 'ਤੇ ਨੌਕਰੀ ਸ਼ੁਰੂ ਕੀਤੀ। ਕੰਪਨੀ ਨੇ ਉਨ੍ਹਾਂ ਨੂੰ ਪਹਿਲੇ ਸਾਲ ਪ੍ਰੋਬੇਸ਼ਨ ਯਾਨੀ ਪਰਖ ਕਾਲ 'ਤੇ ਰੱਖਿਆ ਪਰ ਕਾਰਗੁਜ਼ਾਰੀ ਚੰਗੀ ਨਾ ਕਹਿ ਕੇ ਪ੍ਰੋਬੇਸ਼ਨ ਪੀਰੀਅਡ 1994 ਤੱਕ ਵਧਾ ਦਿੱਤਾ ਅਤੇ ਇਸ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ। ਮੂਰਤੀ ਕਾਰਪੋਰੇਸ਼ਨ ਖਿਲਾਫ ਅਦਾਲਤ ਚਲੇ ਗਏ। ਕੋਰਟ ਨੇ ਕਾਰਪੋਰੇਸ਼ਨ ਨੂੰ ਹੁਕਮ ਦੇ ਦਿੱਤੇ ਕਿ ਮੂਰਤੀ ਨੂੰ ਮੁੜ ਨੌਕਰੀ ਦਿਓ।
ਇਸ ਤੋਂ ਬਾਅਦ ਕਾਰਪੋਰੇਸ਼ਨ ਵਾਰ-ਵਾਰ ਉਨ੍ਹਾਂ ਨੂੰ ਨੌਕਰੀ ਤੋਂ ਕੱਢਦਾ ਰਿਹਾ ਅਤੇ ਵਾਰ-ਵਾਰ ਉਹ ਅਦਾਲਤ ਜਾ ਕੇ ਨੌਕਰੀ ਵਾਪਸ ਲੈਂਦੇ ਰਹੇ। ਇਹ ਸਿਲਸਿਲਾ ਕਰੀਬ 30 ਸਾਲ ਚੱਲਿਆ। ਮੂਰਤੀ ਨੂੰ ਕਾਰਪੋਰੇਸ਼ਨ ਖਰਾਬ ਰਵੱਈਆ ਕਹਿ ਕੇ ਨੌਕਰੀ ਤੋਂ ਕੱਢ ਦਿੰਦਾ ਸੀ।
1997 'ਚ ਪਹਿਲੀ ਵਾਰ ਕੱਢਿਆ ਸੀ। 2001 'ਚ 5000 ਰੁਪਏ ਦੇ ਮੁਆਵਜ਼ੇ ਨਾਲ ਮੁੜ ਨੌਕਰੀ ਹਾਸਲ ਕੀਤੀ। ਫਿਰ 2005 'ਚ ਕੱਢਿਆ ਅਤੇ 10000 ਦੇ ਮੁਆਵਜ਼ੇ ਨਾਲ ਵਾਪਸੀ ਕੀਤੀ। 2006 'ਚ ਕੱਢਿਆ ਅਤੇ ਉਸੇ ਸਾਲ ਵਾਪਸੀ ਹੋਈ। 2012 'ਚ ਫਿਰ ਮੂਰਤੀ ਨੂੰ ਕੱਢ ਦਿੱਤਾ ਅਤੇ ਹਾਈ ਕੋਰਟ ਨੇ ਫਿਰ ਤੋਂ ਵਾਪਸੀ ਕਰਵਾ ਦਿੱਤੀ। 2013 'ਚ ਉਨ੍ਹਾਂ ਨੂੰ ਕਾਰਪੋਰੇਸ਼ਨ ਨੇ ਛੇਵੀਂ ਵਾਰ ਕੱਢ ਦਿੱਤਾ ਅਤੇ ਅਦਾਲਤ ਨੇ ਮੂਰਤੀ ਦੇ ਹੱਕ 'ਚ ਫਿਰ ਫੈਸਲਾ ਸੁਣਾਇਆ।
ਕੋਰਟ ਨੇ ਕਿਹਾ ਕਿ 25 ਸਾਲ ਤੱਕ ਮੂਰਤੀ ਦਾ ਪ੍ਰੋਬੇਸ਼ਨ ਰੱਖਣਾ ਅਜੀਬ ਹੈ। ਜੇਕਰ ਮੂਰਤੀ ਦਾ ਰਵੱਈਆ ਗ਼ਲਤ ਸੀ ਤਾਂ ਉਸ ਨੂੰ ਉਸੇ ਅਧਾਰ ਤੋਂ ਕੱਢਣਾ ਚਾਹੀਦਾ ਸੀ ਪਰ ਕੰਪਨੀ ਨੇ ਅਜਿਹਾ ਨਹੀਂ ਕੀਤਾ। ਕੋਰਟ ਨੇ ਕਾਰਪੋਰੇਸ਼ਨ ਨੂੰ ਮੂਰਤੀ ਦੀ ਤਨਖਾਹ ਦਾ 50 ਫ਼ੀਸਦੀ ਮੁਆਵਜ਼ਾ ਵੀ ਦੇਣ ਦੀ ਗੱਲ ਕੀਤੀ ਹੈ।