ਲੁਧਿਆਣਾ: ਕਰੇਮਿਕਾ (Cremica) ਕੰਪਨੀ ਦੀ ਐਮਡੀ ਰਜਨੀ ਬੈਕਟਰ (Rajni Bector) ਨੂੰ ਸਰਵ ਉੱਚ ਪਦਮਸ੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। 1978 ਵਿੱਚ ਮਹਿਜ਼ 300 ਰੁਪਏ ਨਾਲ ਉਨ੍ਹਾਂ ਨੇ ਇਹ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ 541 ਕਰੋੜ ਰੁਪਏ ਦਾ ਟਰਨਓਵਰ ਹੈ। 79 ਸਾਲ ਦੀ ਰਜਨੀ ਬੈਕਟਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਫੂਡ ਸਿਖਲਾਈ ਦਾ ਕੋਰਸ ਕੀਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜਕੇ ਨਹੀਂ ਵੇਖਿਆ।


ਰਜਨੀ ਬੈਕਟਰ ਅੱਜ ਦੇਸ਼ ਭਰ ਦੀ ਬੇਕਰੀ ਵਿੱਚ 12 ਫ਼ੀਸਦੀ ਤੋਂ ਵੱਧ ਦੀ ਹਿੱਸੇਦਾਰ ਹੈ ਤੇ ਮੈਕਡੋਨਲਡ ਵਰਗੇ ਵੱਡੇ-ਵੱਡੇ ਬ੍ਰੈਂਡਾਂ ਨੂੰ ਉਨ੍ਹਾਂ ਵੱਲੋਂ ਹੀ ਬ੍ਰੈਡ ਸਪਲਾਈ ਕੀਤੀ ਜਾਂਦੀ ਹੈ। ਇੱਕ ਔਰਤ ਹੋਣ ਦੇ ਬਾਵਜੂਦ ਇਸ ਮੁਕਾਮ ਤੇ ਪਹੁੰਚਣਾ ਉਨ੍ਹਾਂ ਲਈ ਕੋਈ ਛੋਟੀ ਗੱਲ ਨਹੀਂ ਸੀ। ਇਸ ਕਾਮਯਾਬੀ ਵਿੱਚ ਉਨ੍ਹਾਂ ਦੇ ਪਤੀ ਤੇ ਉਨ੍ਹਾਂ ਨੇ ਸਹੁਰੇ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ।

ਰਜਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਕੁਕਿੰਗ ਦਾ ਬਹੁਤ ਸ਼ੌਕ ਸੀ। ਉਹ ਆਪਣੇ ਬੱਚਿਆਂ ਲਈ ਸ਼ੌਕ ਨਾਲ ਖਾਣਾ ਬਣਾਉਂਦੀ ਹੁੰਦੀ ਸੀ। ਫੇਰ ਉਨ੍ਹਾਂ ਨੇ ਇੱਕ ਛੋਟੀ ਜਿਹੀ ਕੰਪਨੀ ਤੋਂ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਘਰ ਦੇ ਵਿੱਚ ਇੱਕ 300 ਰੁਪਏ ਦੀ ਮਸ਼ੀਨ ਲਿਆ ਕੇ ਇਹ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਵਿਆਹ ਸ਼ਾਦੀਆਂ ਵਿੱਚ ਉਨ੍ਹਾਂ ਨੂੰ ਬੁਕਿੰਗ ਮਿਲਣ ਲੱਗੀ।

ਫੇਰ ਉਨ੍ਹਾਂ ਬ੍ਰੈਡ ਕੰਪਨੀ ਖੋਲ੍ਹੀ ਤੇ ਜਦੋਂ ਮੈਕਡੋਨਲਡ ਭਾਰਤ ਆਇਆ ਤਾਂ ਉਨ੍ਹਾਂ ਨੂੰ ਚੰਗੀ ਕੁਆਲਿਟੀ ਦੇ ਬਰਗਰ ਦੀ ਲੋੜ ਸੀ ਜੋ ਕਰੈਮਿਕਾ ਵੱਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਵਪਾਰ ਸ਼ੁਰੂ ਕੀਤਾ ਸੀ, ਉਸ ਵੇਲੇ ਮਹਿਲਾਵਾਂ ਅਜਿਹੇ ਕੰਮ ਨਹੀਂ ਕਰਦੀਆਂ ਸੀ।