ਨਵੀਂ ਦਿੱਲੀ: ਮਹਾਮਾਰੀ ਤੋਂ ਬਾਅਦ ਅਰਥਵਿਵਸਥਾ ਦੇ ਤੇਜ਼ੀ ਨਾਲ ਮੁੜ ਲੀਹ ਉੱਤੇ ਆਉਣ ਦੇ ਸੰਕੇਤ ਵੇਖਣ ਨੂੰ ਮਿਲ ਰਹੇ ਹਨ। ਇਸੇ ਲਈ ਹੁਣ ਕੰਪਨੀਆਂ ਦਾ ਭਰੋਸਾ ਵੀ ਵਧਣ ਲੱਗਾ ਹੈ ਤੇ ਉਹ ਬਿਹਤਰ ਭਵਿੱਖ ਨੂੰ ਵੇਖਦਿਆਂ ਆਪਣੇ ਕਰਮਚਾਰੀਆਂ ਉੱਤੇ ਇੱਕ ਵਾਰ ਫਿਰ ਪੈਸਾ ਖ਼ਰਚ ਕਰਨ ਦੀਆਂ ਯੋਜਨਾਵਾਂ ਉੱਤੇ ਅੱਗੇ ਵਧ ਰਹੀਆਂ ਹਨ; ਜਿਨ੍ਹਾਂ ਵਿੱਚ ਨਵੀਆਂ ਨੌਕਰੀਆਂ ਤੋਂ ਲੈ ਕੇ ਬੋਨਸ ਤੱਕ ਸ਼ਾਮਲ ਹਨ। ‘ਐਚਸੀਐਲ ਟੈੱਕ’ ਆਪਣੇ ਕਰਮਚਾਰੀਆਂ ਨੂੰ ਬੋਨਸ ਵਜੋਂ 700 ਕਰੋੜ ਰੁਪਏ ਵੰਡਣ ਜਾ ਰਹੀ ਹੈ।
ਕੰਪਨੀ ਅਨੁਸਾਰ ਉਹ ਦੁਨੀਆ ਭਰ ’ਚ ਮੌਜੂਦ ਆਪਣੇ ਮੁਲਾਜ਼ਮਾਂ ਨੂੰ ਵਨਟਾਈਮ ਸਪੈਸ਼ਲ ਬੋਨਸ ਦੇਣ ਜਾ ਰਹੀ ਹੈ; ਜਿਸ ਦਿਨ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ 10 ਦਿਨਾਂ ਦੀ ਤਨਖ਼ਾਹ ਦੇ ਬਰਾਬਰ ਬੋਨਸ ਦਿੱਤਾ ਜਾਵੇਗਾ। ਇਹ ਬੋਨਸ ਉਨ੍ਹਾਂ ਹੀ ਮੁਲਾਜ਼ਮਾਂ ਨੂੰ ਮਿਲੇਗਾ, ਜਿਨ੍ਹਾਂ ਨੂੰ ਕੰਪਨੀ ਵਿੱਚ ਕੰਮ ਕਰਦਿਆਂ ਇੱਕ ਸਾਲ ਜਾਂ ਉਸ ਤੋਂ ਵੱਧ ਸਮਾਂ ਹੋ ਗਿਆ ਹੈ। ਇਹ ਸਪੈਸ਼ਲ ਬੋਨਸ ਕਰਮਚਾਰੀਆਂ ਨੂੰ ਫ਼ਰਵਰੀ 2021 ਦੀ ਤਨਖ਼ਾਹ ਨਾਲ ਮਿਲਣ ਜਾ ਰਿਹਾ ਹੈ। ਕੰਪਨੀ ਮੁਤਾਬਕ ਇਸ ਪੂਰੀ ਯੋਜਨਾ ਉੱਤੇ 700 ਕਰੋੜ ਰੁਪਏ ਖ਼ਰਚ ਹੋਣਗੇ।
ਕੰਪਨੀ ਨੇ ਇਹ ਬੋਨਸ ਸਾਲ 2020 ’ਚ 10 ਅਰਬ ਡਾਲਰ ਦੀ ਆਮਦਨ ਦਾ ਟੀਚਾ ਪਾਰ ਕਰਨ ਕਰਕੇ ਦਿੱਤਾ ਹੈ। ਕੰਪਨੀ ਨੇ ਆਪਣੇ ਬਿਆਨ ’ਚ ਕਿਹਾ ਕਿ ਕਰਮਚਾਰੀਆਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੋਨਸ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ।
ਦਸੰਬਰ ਤਿਮਾਹੀ ਵਿੱਚ ਕੰਪਨੀ ਦਾ ਸ਼ੁੱਧ ਲਾਭ 31 ਫ਼ੀਸਦੀ ਵਾਧੇ ਨਾਲ 3,982 ਕਰੋੜ ਰੁਪਏ ਰਿਹਾ ਹੈ। ਆਮਦਨ 6.4 ਫ਼ੀਸਦੀ ਦੇ ਵਾਧੇ ਨਾਲ 19,302 ਕਰੋੜ ਰੁਪਏ ਦੇ ਪੱਧਰ ਉੱਤੇ ਪੁੱਜ ਗਈ। ਇਸ ਦੇ ਨਾਲ ਹੀ ਕੰਪਨੀ ਨੇ ਜਾਰੀ ਤਿਮਾਹੀ ਲਈ ਆਪਣੀ ਆਮਦਨ ਵਿੱਚ ਵਾਧੇ ਦਾ ਅਨੁਮਾਨ ਵੀ ਵਧਾ ਦਿੱਤਾ।
ਇਹ ਵੀ ਪੜ੍ਹੋ: https://punjabi.abplive.com/news/india/constable-commits-suicide-after-killing-parents-know-the-whole-case-613636/amp
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin