ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ 'ਚ ਇੱਕ ਵਿਆਹ ਦੇ ਸਮਾਗਮ 'ਚ ਇੱਕਠੇ ਹੋਏ ਲੋਕਾਂ ਵਿੱਚੋਂ 95 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਇਸ ਵਿਆਹ ਦੇ ਦੋ ਦਿਨ ਬਾਅਦ ਹੀ ਲਾੜੇ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਲਾੜਾ ਇੱਕ ਸਾਫਟਵੇਅਰ ਇੰਜਨੀਅਰ ਸੀ ਜੋ ਗੁਰੂਗਰਾਮ 'ਚ ਨੌਕਰੀ ਕਰਦਾ ਸੀ।



ਹੈਰਾਨੀ ਵਾਲੀ ਗੱਲ ਇਹ ਹੈ ਕਿ ਲਾੜੇ ਦਾ ਬਿਨ੍ਹਾਂ ਕੋਰੋਨਾਵਾਇਰਸ ਟੈਸਟ ਕੀਤੇ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਦਕਿ ਉਸ 'ਚ ਪਹਿਲਾਂ ਤੋਂ ਹੀ ਕੋਵਿਡ-19 ਦੇ ਲੱਛਣ ਮੌਜੂਦ ਸੀ।




ਇਹ ਘਟਨਾ ਪਟਨਾ ਦੇ ਜ਼ਿਲ੍ਹਾ ਪਾਲੀਗੰਜ ਦੀ ਹੈ। ਇੱਥੇ ਲਾੜੇ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਵਿਆਹ ਦੇ ਸਮਾਗਮ 'ਚ ਮੌਜੂਦ ਹੋਏ ਲੋਕਾਂ ਦਾ ਟੈਸਟ ਕੀਤਾ ਤਾਂ 95 ਲੋਕ ਕੋਰੋਨਾ ਪੌਜ਼ੇਟਿਵ ਟੈਸਟ ਕੀਤੇ ਗਏ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਰੋਨਾ ਦੇ ਸੰਕੇਤ ਦਿਖਾਉਣ ਦੇ ਬਾਵਜੂਦ, ਵਿਆਹ ਕਰਕੇ ਪਰਿਵਾਰ ਨੇ ਦਿਸ਼ਾ-ਨਿਰਦੇਸ਼ਾਂ ਦੀ ਵੱਡੇ ਪੱਧਰ 'ਤੇ ਉਲੰਘਣਾ ਕੀਤੀ ਹੈ।




ਦੱਸ ਦੇਈਏ ਕਿ ਬਿਹਾਰ ਵਿੱਚ ਹੁਣ ਤੱਕ ਕੋਰੋਨਾ ਦੇ 9 ਹਜ਼ਾਰ 640 ਮਾਮਲੇ ਸਾਹਮਣੇ ਆਏ ਹਨ। ਇਸ ਵਿੱਚ 2,188 ਐਕਟਿਵ ਕੇਸ ਹਨ। ਚੰਗੀ ਖ਼ਬਰ ਇਹ ਹੈ ਕਿ ਇੱਥੇ ਕੋਰੋਨਾ ਤੋਂ 7,390 ਮਰੀਜ਼ ਵੀ ਠੀਕ ਹੋਏ ਹਨ। ਇਸ ਦੇ ਨਾਲ ਹੀ ਇਸ ਵਾਇਰਸ ਕਾਰਨ 62 ਲੋਕਾਂ ਦੀ ਮੌਤ ਹੋ ਚੁੱਕੀ ਹੈ।