ਰਾਹਤ ਦੀ ਖ਼ਬਰ: ਇਟਲੀ ‘ਚ ਕੋਰੋਨਾਵਾਇਰਸ ਤੋਂ ਪੀੜਤ 101 ਸਾਲਾ ਮਰੀਜ਼ ਇਲਾਜ ਨਾਲ ਹੋਇਆ ਠੀਕ
ਏਬੀਪੀ ਸਾਂਝਾ | 27 Mar 2020 08:12 PM (IST)
ਬਜ਼ੁਰਗ ਵੀ ਕੋਰੋਨਾਵਾਇਰਸ ਮਹਾਮਾਰੀ ਤੋਂ ਬਚ ਸਕਦੇ ਹਨ। ਦਰਅਸਲ, ਇਟਲੀ ਦੇ ਤੱਟਵਰਤੀ ਸ਼ਹਿਰ ਰਿਮਿਨੀ ਵਿੱਚ 101 ਸਾਲਾ ਇੱਕ ਵਿਅਕਤੀ ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਕਾਮਯਾਬ ਹੋਇਆ ਹੈ।
ਨਵੀਂ ਦਿੱਲੀ: ਪੂਰੀ ਦੁਨੀਆ ‘ਚ ਕੋਰੋਨਾਵਾਇਰਸ ਦੇ ਤਬਾਹੀ ਦੇ ਵਿਚਕਾਰ ਇਟਲੀ ਤੋਂ ਰਾਹਤ ਮਿਲਣ ਦੀ ਖ਼ਬਰ ਹੈ। ਕੋਰੋਨਾ ਦੇ ਸੰਬੰਧ ਵਿੱਚ, ਹੁਣ ਤੱਕ ਇਹ ਕਿਹਾ ਜਾਂਦਾ ਸੀ ਕਿ ਬਜ਼ੁਰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ, ਪਰ ਇਸ ਸਮੇਂ ਇਟਲੀ ਵਿੱਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਬਾਰੇ ਕਿਹਾ ਜਾ ਸਕਦਾ ਹੈ ਕਿ ਬਜ਼ੁਰਗ ਨੂੰ ਕੋਰੋਨਾਵਾਇਰਸ ਮਹਾਮਾਰੀ ਤੋਂ ਬਚਾਇਆ ਜਾ ਸਕਦਾ ਹੈ। ਇਟਲੀ ਦੇ ਤੱਟਵਰਤੀ ਸ਼ਹਿਰ ਰਿਮਿਨੀ ਵਿੱਚ 101 ਸਾਲਾ ਇੱਕ ਵਿਅਕਤੀ ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਸਫਲ ਹੋਇਆ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਕੁੱਲ 80,589 ਲੋਕ ਇਸ ਬਿਮਾਰੀ ਨਾਲ ਸੰਕਰਮਿਤ ਹੋਏ ਹਨ, ਜਦੋਂ ਕਿ 8,215 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਜ਼ ਏਜੰਸੀ ਮੁਤਾਬਕ ਇਤਾਲਵੀ ਨਿਊਜ਼ ਰਿਪੋਰਟ ਵਿੱਚ ਸਿਰਫ ਮਿਸਟਰ ਪੀ. ਨਾਂ ਦਾ ਇੱਕ ਵਿਅਕਤੀ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਾ ਸਭ ਤੋਂ ਵਧ ਉਮਰ ਦਾ ਵਿਅਕਤੀ ਮੰਨਿਆ ਜਾ ਰਿਹਾ ਹੈ। ਰਿਮਿਨੀ ਦੇ ਉਪ-ਮੇਅਰ, ਗਲੋਰੀਆ ਲੀਸੀ ਮੁਤਾਬਕ 1919 ਵਿੱਚ ਜਨਮੇ ਮਿਸਟਰ ਪੀ ਨੂੰ ਕੋਰੋਨਾ ਪੌਜ਼ਟਿਵ ਪਾਏ ਜਾਣ ਤੋਂ ਇੱਕ ਹਫਤਾ ਪਹਿਲਾਂ ਉਸ ਨੂੰ ਰਿਮਿਨੀ ਹਸਪਤਾਲ ਓਸਪੇਡੇਲ ਇਨਫੋਮੇਰੀ ਡੀ ਰਿਮਿਨੀ ਵਿੱਚ ਦਾਖਲ ਕਰਵਾਇਆ ਗਿਆ ਸੀ। ਵੀਰਵਾਰ ਨੂੰ ਇੱਕ ਟੈਲੀਵੀਯਨ ਇੰਟਰਵਿਊ ਵਿੱਚ, ਉਪ-ਮੇਅਰ ਲੀਸੀ ਨੇ ਕਿਹਾ ਕਿ ਜਿਵੇਂ ਹੀ ਮਰੀਜ਼ ਠੀਕ ਹੋਣ ਲੱਗਾ ਹਸਪਤਾਲ ਵਿੱਚ ਹਰ ਕੋਈ ਉਸੇ ਬਾਰੇ ਗੱਲ ਕਰਨ ਲਗਿਆ। 100 ਸਾਲਾ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਠੀਕ ਹੁੰਦੇ ਵੇਖ, ਸਾਰਿਆਂ ਨੇ ਸਾਡੇ ਸਾਰਿਆਂ ਦੇ ਭਵਿੱਖ ਦੀ ਉਮੀਦ ਵੇਖੀ ਹੈ। ਲੀਸੀ ਨੇ ਅੱਗੇ ਕਿਹਾ ਕਿ ਉਸ ਦਾ ਪਰਿਵਾਰ ਬੁੱਧਵਾਰ ਰਾਤ ਨੂੰ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਇਸ ਪਿੱਛੇ ਇੱਕ ਸਬਕ ਹੈ ਕਿ 101 ਸਾਲ ਦੀ ਉਮਰ ‘ਚ ਵੀ ਭਵਿੱਖ ਖ਼ਤਮ ਨਹੀਂ ਹੋਇਆ। ਮਿਸਟਰ ਪੀ ਦੀ ਕਹਾਣੀ ਕੋਰੋਨੋਵਾਇਰਸ ਕਾਰਨ ਆਬਾਦੀ ਦੇ ਲਗਪਗ ਤੀਜੇ ਹਿੱਸੇ ਦੇ ਲੌਕਡਾਊਨ ਵਿਚਕਾਰ ਇਟਲੀ ਸਣੇ ਸਮੁੱਚੇ ਵਿਸ਼ਵ ਲਈ ਸਕਾਰਾਤਮਕ ਖ਼ਬਰ ਹੈ।