ਏ ਟੀ ਐੱਮ ਵਿੱਚੋਂ ਦੋ ਹਜ਼ਾਰ ਰੁਪਏ ਦਾ ਅੱਧ-ਛਪਿਆ ਨੋਟ ਨਿਕਲਿਆ
ਦਿੱਲੀ ਦੇ ਜਾਮੀਆਨਗਰ ਇਲਾਕੇ ਵਿੱਚ ਸ਼ਦਾਬ ਚੌਧਰੀ ਨਾਂਅ ਦਾ ਇੱਕ ਵਿਅਕਤੀ ਪੈਸੇ ਕਢਵਾਉਣ ਆਇਆ ਸੀ। ਜਦੋਂ ਉਸ ਨੇ ਏ ਟੀ ਐੱਮ ਵਿੱਚੋਂ 10 ਹਜ਼ਾਰ ਰੁਪਏ ਕਢਵਾਏ ਤਾਂ ਉਸ ਦੇ ਹੱਥ 2000 ਰੁਪਏ ਦਾ ਇੱਕ ਨੋਟ ਆਇਆ। ਉਸ ਨੋਟ ਨੂੰ ਵੇਖ ਕੇ ਉਹ ਹੈਰਾਨ ਹੋ ਗਿਆ, ਕਿਉਂਕਿ ਇਹ ਨੋਟ ਅੱਧ ਛਪਿਆ ਸੀ।
ਨਵੀਂ ਦਿੱਲੀ- ਨੋਟਬੰਦੀ ਦਾ ਇੱਕ ਸਾਲ ਪੂਰਾ ਹੋਣ ਤੋਂ ਇੱਕ ਦਿਨ ਪਹਿਲਾਂ ਦਿੱਲੀ ਵਿੱਚ ਇੱਕ ਅਜੀਬ ਘਟਨਾ ਵਾਪਰੀ। ਦਿੱਲੀ ਵਿੱਚ ਇੱਕ ਡਿਵੈਲਪਮੈਂਟ ਕ੍ਰੈਡਿਟ ਬੈਂਕ (ਡੀ ਸੀ ਬੀ) ਦੇ ਏ ਟੀ ਐੱਮ ਤੋਂ ਦੋ ਹਜ਼ਾਰ ਰੁਪਏ ਦਾ ਅੱਧਾ ਛਪਿਆ ਨੋਟ ਨਿਕਲਿਆ।
ਸ਼ਦਾਬ ਨੇ ਕਿਹਾ, ਮੈਂ ਜਦੋਂ ਏ ਟੀ ਐੱਮ ਤੋਂ ਪੈਸੇ ਕਢਵਾਏ ਤਾਂ ਇਸ ਨੋਟ ਨੂੰ ਵੇਖ ਕੇ ਹੈਰਾਨ ਹੋ ਗਿਆ ਅਤੇ ਮੈਂ ਤੁਰੰਤ ਉਸ ਨੋਟ ਨੂੰ ਸੀ ਸੀ ਟੀ ਵੀ ਕੈਮਰੇ ਵੱਲ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਸਾਬਤ ਹੋ ਸਕੇ ਕਿ ਇਸੇ ਏ ਟੀ ਐੱਮ ਤੋਂ ਇਹ ਨਿਕਲਿਆ ਹੈ, ਪਰੰਤੂ ਉਸ ਸਮੇਂ ਕੈਮਰਾ ਚੱਲ ਰਿਹਾ ਸੀ ਜਾਂ ਨਹੀਂ, ਇਹ ਉਹ ਨਹੀਂ ਦੱਸ ਸਕਦਾ।
ਉਸ ਨੇ ਅੱਗੇ ਕਿਹਾ, ਮੈਂ ਸਾਰਾ ਦਿਨ ਉਸ ਨੋਟ ਨੂੰ ਲੈ ਕੇ ਭੱਜ ਦੌੜ ਕਰਦਾ ਰਿਹਾ। ਮੈਂ ਕਸਟਮਰ ਕੇਅਰ ਤੋਂ ਲੈ ਕੇ ਬੈਂਕ ਤੇ ਪੁਲਸ ਤੱਕ ਇਸ ਅਜੀਬ ਨੋਟ ਦੇ ਨਿਕਲਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਪ੍ਰੰਤੂ ਅਜੇ ਤੱਕ ਕੁਝ ਨਹੀਂ ਹੋਇਆ।
ਨੋਟ ਦੇ ਅੱਧੇ ਹਿੱਸੇ ਵਿੱਚ ਕਾਗਜ਼ ਲੱਗਾ ਹੋਇਆ ਸੀ। ਇਹ ਵੇਖ ਕੇ ਸ਼ਦਾਬ ਨੇ ਤੁਰੰਤ ਕਸਟਮਰ ਕੇਅਰ ਨੂੰ ਫੋਨ ਕੀਤਾ, ਪ੍ਰੰਤੂ ਕੋਈ ਸੰਤੋਸ਼ ਜਨਕ ਜਵਾਬ ਨਹੀਂ ਮਿਲਿਆ। ਫਿਰ ਉਹ ਆਪਣਾ ਸਾਰਾ ਕੰਮ ਛੱਡ ਕੇ ਬੈਂਕ ਵੱਲ ਗਿਆ।