ਅਹਿਮਦਨਗਰ: ਗਾਂ ਨੂੰ ਅਕਸਰ ਹੀ ਸ਼ਾਂਤ ਸੁਭਾਅ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਹਾਰਾਸ਼ਟਰ ਤੋਂ ਅਜੀਬ ਖ਼ਬਰ ਆਈ ਹੈ। ਦਰਅਸਲ, ਇੱਥੇ ਗੁੱਸੇ ਵਿੱਚ ਆਈਆਂ ਗਾਂਵਾਂ ਨੇ ਤੇਂਦੂਏ ਨੂੰ ਹੀ ਮਾਰ ਦਿੱਤਾ ਹੈ। ਇਹ ਘਟਨਾ ਸੂਬੇ ਦੇ ਅਹਿਮਦਨਗਰ ਜ਼ਿਲ੍ਹੇ ਦੀ ਹੈ। ਬੀਤੇ ਸ਼ਨੀਵਾਰ ਦੀ ਰਾਤ ਜ਼ਿਲ੍ਹੇ ਦੇ ਸੰਗਮਨੇਰ ਤਾਲੁਕਾ ਦੇ ਉਂਬਰੀ ਬਾਲਪੁਰ ਇਲਾਕੇ ਵਿੱਚ ਗੁੱਸੇ ਵਿੱਚ ਆਈਆਂ ਕੁਝ ਗਾਂਵਾਂ ਨੇ ਤੇਂਦੂਏ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਤੇਂਦੂਏ ਦੀ ਜਾਨ ਚਲੀ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਤੇਂਦੂਆ ਗਾਂਵਾਂ ਦੇ ਵਾੜੇ ਵਿੱਚ ਸ਼ਿਕਾਰ ਲਈ ਦਾਖ਼ਲ ਹੋ ਗਿਆ, ਜਿੱਥੇ 30-35 ਗਾਂਵਾਂ ਬੰਨ੍ਹੀਆਂ ਹੋਈਆਂ ਸਨ। ਹੈਰਾਨੀ ਦੀ ਗੱਲ ਇਹ ਹੋਈ ਕਿ ਗਾਂਵਾਂ ਨੇ ਤੇਂਦੂਏ ਦਾ ਸ਼ਿਕਾਰ ਬਣਨ ਦੀ ਥਾਂ ਉਸ 'ਤੇ ਹੀ ਹਮਲਾ ਕਰ ਦਿੱਤਾ ਤੇ ਉਸ ਦੀ ਅਲਖ ਮੁਕਾ ਦਿੱਤੀ। ਰਾਤ ਸਾਢੇ ਕੁ ਅੱਠ ਵਜੇ ਵਾੜੇ ਵਿੱਚੋਂ ਸ਼ੋਰ ਸੁਣ ਕੇ ਗਾਵਾਂ ਦੇ ਪਰਿਵਾਰ ਮੌਕੇ 'ਤੇ ਪਹੁੰਚਿਆ। ਘਟਨਾ ਦੇਖ ਪਰਿਵਾਰ ਨੇ ਤੁਰੰਤ ਜੰਗਲਾਤ ਮਹਿਕਮੇ ਨੂੰ ਸੂਚਿਤ ਕੀਤਾ। ਅਧਿਕਾਰੀਆਂ ਨੇ ਆ ਕੇ ਦੇਖਿਆ ਤਾਂ ਡੇਢ ਕੁ ਸਾਲ ਦੇ ਤੇਂਦੂਏ ਨੂੰ ਗਾਂਵਾਂ ਦੇ ਖੁਰਾਂ ਹੇਠ ਲਤੜਿਆ ਹੋਇਆ ਮ੍ਰਿਤ ਹਾਲਤ ਵਿੱਚ ਪਾਇਆ। ਤੇਂਦੂਏ ਦੇ ਹਮਲੇ ਕਾਰਨ ਇੱਕ ਵੱਛਾ ਵੀ ਜ਼ਖ਼ਮੀ ਹੋਇਆ ਹੈ।