ਗੁੰਟੂਰ: ਦੱਖਣੀ ਭਾਰਤ ਦੇ ਸੂਬੇ ਆਂਧਰਾ ਪ੍ਰਦੇਸ਼ ’ਚ ਗਧੇ ਦਾ ਮਾਸ ਹੁਣ ਨਵਾਂ ‘ਵਿਆਗਰਾ’ ਬਣ ਗਿਆ ਹੈ ਤੇ ਇੱਥੇ ਗਧਿਆਂ ਦੀ ਵਿਕਰੀ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਹੁਣ ਗਧੀ ਦਾ ਦੁੱਧ ਵੀ ਗਊ, ਮੱਝ ਤੇ ਬੱਕਰੀ ਦੇ ਦੁੱਧ ਦੇ ਮੁਕਾਬਲੇ ਮਹਿੰਗਾ ਵਿਕ ਰਿਹਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਗਧੇ ਦਾ ਮਾਸ ਉਨ੍ਹਾਂ ਦੀ ਸੈਕਸ ਪਾਵਰ ਭਾਵ ਮਰਦਾਨਾ ਤਾਕਤ ਨੂੰ ਵਧਾਉਣ ਦੇ ਸਮਰੱਥ ਹੈ ਤੇ ਇਸ ਨਾਲ ਦਮਾ ਜਿਹੇ ਸਾਹ ਦੇ ਰੋਗ ਠੀਕ ਹੋਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ।

 

ਵਣ-ਜੀਵ ਮਾਹਿਰਾਂ ’ਚ ਹੁਣ ਇਹ ਡਰ ਪੈਦਾ ਹੋ ਗਿਆ ਹੈ ਕਿ ਜੇ ਕਿਤੇ ਇਹ ਅੰਧ ਵਿਸ਼ਵਾਸ ਇੰਝ ਹੀ ਕਾਇਮ ਰਿਹਾ, ਤਾਂ ਗਧਿਆਂ ਦੀ ਗਿਣਤੀ ਤੇਜ਼ੀ ਨਾਲ ਘਟ ਸਕਦੀ ਹੈ। ਹੁਣ ਮਹਾਰਾਸ਼ਟਰ, ਕਰਨਾਟਕ ਤੇ ਤਾਮਿਲ ਨਾਡੂ ਜਿਹੇ ਰਾਜਾਂ ਤੋਂ ਗਧਿਆਂ ਨੂੰ ਆਂਧਰਾ ਪ੍ਰਦੇਸ਼ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੂੰ ਚੋਰੀ-ਛਿਪੇ ਕ੍ਰਿਸ਼ਨਾ, ਪੱਛਮੀ ਗੋਦਾਵਰੀ, ਗੁੰਟੂਰ ਤੇ ਪ੍ਰਕਾਸ਼ਮ ’ਚ ਵੇਚਿਆ ਜਾ ਰਿਹਾ ਹੈ।

 

ਇੱਕ ਗਧੇ ਦੀ ਕੀਮਤ ਉਂਝ 10 ਤੋਂ 20 ਹਜ਼ਾਰ ਰੁਪਏ ਹੈ ਪਰ ਉਸ ਦਾ ਮਾਸ ਹੁਣ 600 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕ ਰਿਹਾ ਹੈ। ਸਥਾਨਕ ਭਾਸ਼ਾ ’ਚ ਗਧੇ ਨੂੰ ‘ਪੌਪੀ’ ਕਿਹਾ ਜਾਂਦਾ ਹੈ। ਇੱਥੇ ਮਾਸ ਦੇ ਬਾਜ਼ਾਰ ਹਰੇਕ ਵੀਰਵਾਰ ਤੇ ਐਤਵਾਰ ਨੂੰ ਲੱਗਦੇ ਹਨ। ਉਨ੍ਹਾਂ ਦਿਨਾਂ ਦੌਰਾਨ ਸੈਂਕੜੇ ਗਧੇ ਵੱਢੇ ਜਾਣ ਲੱਗ ਪਏ ਹਨ।

 

ਭਾਰਤ ਦੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਪਸ਼ੂ ਫ਼ੂਡ ਦੀ 2011 ਦੀ ਸ਼੍ਰੇਣੀ ਵਿੱਚ ਗਧਿਆਂ ਦੇ ਮਾਸ ਨੂੰ ਸ਼ਾਮਲ ਨਹੀਂ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਵੱਢਣਾ ਤੇ ਉਸ ਦੇ ਮਾਸ ਨੂੰ ਵਰਤਣਾ ਗ਼ੈਰ ਕਾਨੂੰਨੀ ਹੈ।