ਇਸ ਮੁਟਿਆਰ ਨੂੰ ਏਅਰਲਾਈਨ ਨੇ ਜਹਾਜ਼ ਚੜ੍ਹਨੋਂ ਰੋਕਿਆ, ਵਜ੍ਹਾ ਜਾਣ ਹੋ ਜਾਓਂਗੇ ਹੈਰਾਨ
ਏਬੀਪੀ ਸਾਂਝਾ | 14 Mar 2019 07:48 PM (IST)
ਨਵੀਂ ਦਿੱਲੀ: ਬ੍ਰਿਟੇਨ ਦੇ ਬਰਮਿੰਘਮ ਹਵਾਈ ਅੱਡੇ 'ਤੇ ਇੱਕ ਕੁੜੀ ਨੂੰ ਜਹਾਜ਼ ਚੜ੍ਹਨ ਤੋਂ ਇਸ ਲਈ ਰੋਕ ਦਿੱਤਾ ਗਿਆ, ਕਿਉਂਕਿ ਉਸ ਨੇ 'ਛੋਟੇ' ਕੱਪੜੇ ਪਹਿਨੇ ਹੋਏ ਸਨ। ਉਡਾਨ ਕੰਪਨੀ ਦੇ ਮੁਲਾਜ਼ਮਾਂ ਨੇ ਮੁਟਿਆਰ ਦੇ ਕੱਪੜੇ ਭੜਕਾਊ ਕਰਾਰ ਦਿੱਤੇ ਅਤੇ ਉਸ ਕੋਲ ਦੋ ਵਿਕਲਪ ਰੱਖੇ- ਪਹਿਲਾਂ ਆਪਣੇ ਆਪ ਨੂੰ ਢਕ ਲਵੇ ਅਤੇ ਦੂਜਾ ਜਹਾਜ਼ ਵਿੱਚ ਨਾ ਚੜ੍ਹੇ। 21 ਸਾਲਾ ਏਮਿਲੀ ਓ ਕੂਨਰ ਨੇ ਥੌਮਸ ਕੁੱਕ ਏਅਰਲਾਈਨਜ਼ ਰਾਹੀਂ ਬਰਮਿੰਘਮ ਤੋਂ ਸਪੇਨ ਦੇ ਕੈਨੇਰੀ ਟਾਪੂ ਜਾਣ ਲਈ ਟਿਕਟ ਲਈ ਸੀ। ਸਥਾਨਕ ਮੀਡੀਆ ਦੀ ਖ਼ਬਰ ਮੁਤਾਬਕ ਜਦ ਏਮਿਲੀ ਹਵਾਈ ਅੱਡੇ ਪਹੁੰਚੀ ਤਾਂ ਉਸ ਨੂੰ ਹਰ ਥਾਂ 'ਤੇ ਲੰਘਣ ਦਿੱਤਾ ਗਿਆ। ਪਰ ਜਦ ਉਹ ਜਹਾਜ਼ ਵਿੱਚ ਬੈਠਣ ਜਾ ਰਹੀ ਸੀ ਤਾਂ ਥਾਮਸ ਕੁਕ ਦੇ ਚਾਰ ਮੁਲਾਜ਼ਮਾਂ ਨੇ ਉਸ ਨੂੰ ਘੇਰ ਲਿਆ ਅਤੇ ਕੱਪੜਿਆਂ ਬਾਰੇ ਟਿੱਪਣੀ ਕੀਤੀ। ਮੁਟਿਆਰ ਨੇ ਇਸ ਘਟਨਾ ਨੂੰ ਆਪਣੇ ਜੀਵਨ ਦਾ ਸਭ ਤੋਂ ਸ਼ਰਮਸਾਰ ਕਰਨ ਵਾਲਾ ਅਨੁਭਵ ਦੱਸਿਆ। ਉਸ ਨੇ ਏਅਰਲਾਈਨਜ਼ 'ਤੇ ਭੇਦਭਾਵ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਤੋਂ ਦੋ ਕਤਾਰਾਂ ਪਿੱਛੇ ਬੈਠੇ ਵਿਅਕਤੀ ਨੇ ਕੱਛਾ-ਬੁਨੈਣ ਪਹਿਨੇ ਹੋਏ ਸੀ, ਪਰ ਉਸ ਨੂੰ ਕੱਪੜੇ ਬਦਲਣ ਲਈ ਨਹੀਂ ਕਿਹਾ ਗਿਆ। ਐਂਡ੍ਰਿਆ ਨੇ ਆਪਣੇ ਬੁਰੇ ਅਨੁਭਵ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਹੈ, ਜੋ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ।