ਤਰਨ ਤਾਰਨ: ਲੜਕੀ ਨੂੰ ਅਗਵਾ ਕਰਨ ਆਏ ਛੇ ਕਾਰ ਸਵਾਰਾਂ ਨੇ ਲੜਕੀ ਨੂੰ ਛਡਵਾਉਣ ਲਈ ਅੱਗੇ ਵਧੇ ਆਮ ਆਦਮੀ ਪਾਰਟੀ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਚੇਤਨ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਨਾਲ ਜ਼ਖ਼ਮੀ ਚੇਤਨ ਸਿੰਘ ਨੂੰ ਸਥਾਨਕ ਲੋਕਾਂ ਨੇ ਸਰਕਾਰੀ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ। ਡਾਕਟਰਾਂ ਨੇ ਉਸ ਦੀ ਹਾਲਤ ਨਾਜੁਕ ਹੋਣ ਕਰਕੇ ਤਰਨ ਤਾਰਨ ਰੈਫਰ ਕਰ ਦਿੱਤਾ।
ਇਸ ਮੌਕੇ ਹਰੀਕੇ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਹ ਵਰਧਮਾਨ ਫੈਕਟਰੀ ਹੁਸ਼ਿਆਰਪੁਰ ਵਿੱਚ ਨੌਕਰੀ ਕਰਦੀ ਹੈ। ਬੀਤੇ ਦਿਨ ਆਪਣੇ ਪਿੰਡ ਹਰੀਕੇ ਆਈ ਹੋਈ ਸੀ। ਅੱਜ ਆਪਣਾ ਆਧਾਰ ਕਾਰਡ ਬਣਾਉਣ ਲਈ ਪੱਟੀ ਕਚਿਹਰੀ ਆਈ ਸੀ। ਜਦ ਵਾਪਸ ਹਰੀਕੇ ਜਾਣ ਲਈ ਕੁੱਲਾ ਚੌਕ ਪਹੁੰਚੀ ਤਾਂ ਵਰਨਾ ਕਾਰ ਨੰਬਰ ਪੀਬੀ 10ਬੀ 7474 'ਤੇ ਸਵਾਰ 6 ਨੌਜਵਾਨਾਂ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।
ਉਸ ਨੇ ਦੱਸਿਆ ਕਿ ਹਰੀਕੇ ਵਾਸੀ ਚਾਰ ਨੌਜਵਾਨਾਂ ਜੱਗਾ ਸਿੰਘ, ਸੰਦੀਪ ਸਿੰਘ, ਜਤਿੰਦਰ ਸਿੰਘ, ਮੰਨਾ ਤੇ ਦੋ ਹੋਰ ਨੇ ਉਸ ਨੂੰ ਗੱਡੀ ਵਿੱਚ ਸੁੱਟ ਲਿਆ। ਨੇੜੇ ਖੜ੍ਹੇ ਵਿਅਕਤੀ ਨੇ ਬਚਾਉਣ ਦੀ ਕੋਸ਼ਿਸ ਕੀਤੀ ਤੇ ਇਨ੍ਹਾਂ ਨੇ ਆਪਣੇ ਪਿਸਟਲ ਨਾਲ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ।
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਵਾਸੀ ਪਿੰਡ ਰੁੜਕੀ ਕਲਾਂ ਬਲਾਕ ਸਮਾਣਾ ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਉਹ ਪੱਟੀ ਆਪਣੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਜਾਣ ਲਈ ਕੁੱਲਾ ਚੌਕ ਪਹੁੰਚਿਆ। ਉੱਥੇ ਲੜਕੀ ਨੂੰ ਕਾਰ ਸਵਾਰ ਕੁਝ ਨੌਜਵਾਨ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਲੜਕੀ ਨੂੰ ਜਦ ਬਚਾਉਣ ਲਈ ਅੱਗੇ ਵਧਿਆ ਤਾਂ ਇਨ੍ਹਾਂ ਕਾਰ ਸਵਾਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਉਸ ਦੇ ਮੋਢੇ ਤੇ ਲੱਕ ਵਿੱਚ ਲੱਗੀਆਂ। ਉਹ ਲੜਕੀ ਬਚਾਉਣ ਵਿੱਚ ਸਫਲ ਹੋ ਗਿਆ ਤੇ ਅਗਵਾਕਾਰ ਮੌਕੇ ਤੋਂ ਫਰਾਰ ਹੋ ਗਏ।
ਥਾਣਾ ਮੁਖੀ ਬਲਕਾਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਮੌਕੇ 'ਤੇ ਮੌਜੂਦ ਟ੍ਰੈਫਿਕ ਪੁਲਿਸ ਦੇ ਹੌਲਦਾਰ ਵਿਰੁੱਧ ਪੜਤਾਲ ਉਪਰੰਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।