ਜਲੰਧਰ: ਸਿੱਖਾਂ ਦੀਆਂ ਵੱਖ-ਵੱਖ 30 ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਲੌਂਗੋਵਾਲ 'ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਸਾਲ 2005 ਵਿੱਚ ਜਦ ਡੇਰਾ ਪ੍ਰੇਮੀ ਗੁਰਮੀਤ ਰਾਮ ਰਹੀਮ 'ਤੇ ਸੀਬੀਆਈ ਕਾਰਵਾਈ ਸਬੰਧੀ ਰੋਸ ਪ੍ਰਦਰਸ਼ਨ ਕਰ ਰਹੇ ਸਨ ਤਾਂ ਗੋਬਿੰਦ ਸਿੰਘ ਲੌਂਗੋਵਾਲ ਉੱਥੇ ਮੌਜੂਦ ਸਨ।


ਸੰਸਥਾ ਦਰਬਾਰ-ਏ-ਖ਼ਾਲਸਾ ਦੇ ਨੁਮਾਇੰਦੇ, ਸੁਖਦੇਵ ਸਿੰਘ ਫਗਵਾੜਾ ਤੇ ਹਰਜਿੰਦਰ ਸਿੰਘ ਮਾਝੀ ਨੇ 21 ਸਤੰਬਰ, 2005 ਨੂੰ ਛਪੇ ਅੰਗ੍ਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੀ ਦਿਖਾਈਆਂ ਤੇ ਇਲਜ਼ਾਮ ਲਾਇਆ ਕਿ ਸੰਗਰੂਰ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਦਿੱਤੇ ਗਏ ਧਰਨੇ ਵਿੱਚ ਲੌਂਗੋਵਾਲ ਵੀ ਪਹੁੰਚੇ ਸਨ। ਡੇਰਾ ਪ੍ਰੇਮੀਆਂ ਵੱਲੋਂ ਇਹ ਧਰਨਾ ਰਾਮ ਰਹੀਮ ਖ਼ਿਲਾਫ਼ ਕੇਸਾਂ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਵਿਰੋਧ ਵਿੱਚ ਦਿੱਤਾ ਗਿਆ ਸੀ।

ਦਰਬਾਰ-ਏ-ਖ਼ਾਲਸਾ ਦੀ ਅਗ਼ਵਾਈ ਵਿੱਚ ਜਥੇਬੰਦੀਆਂ ਨੇ ਅਕਾਲ ਤਖ਼ਤ ਨੂੰ ਕਮੇਟੀ ਪ੍ਰਧਾਨ ਦਾ ਸਟੈਂਡ ਪਰਖਣ ਲਈ ਤਲਬ ਕਰਨ ਦੀ ਮੰਗ ਵੀ ਕੀਤੀ। ਜਥੇਬੰਦੀਆਂ ਚਾਹੁੰਦੀਆਂ ਹਨ ਕਿ ਅਕਾਲ ਤਖ਼ਤ ਵਿਖੇ ਆ ਕੇ ਐਸਜੀਪੀਸੀ ਪ੍ਰਧਾਨ ਲੌਂਗੋਵਾਲ ਸਾਬਤ ਕਰਨ ਕਿ ਉਹ ਸਿੱਖ ਕੌਮ ਨਾਲ ਖੜ੍ਹੇ ਹਨ ਜਾਂ ਡੇਰਾ ਸਿਰਸਾ ਦੇ ਸਮਰਥਕਾਂ ਨਾਲ।

ਹਾਲਾਂਕਿ, ਲੌਂਗੋਵਾਲ 'ਤੇ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਜਾਣ ਦਾ ਦੋਸ਼ ਲੱਗਾ ਸੀ ਤੇ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ 'ਤੇ ਇਹ ਮੁੱਦਾ ਵੀ ਉੱਠਿਆ ਸੀ। ਹਾਲਾਂਕਿ, ਲੌਂਗੋਵਾਲ ਇਸ ਨੂੰ ਨਕਾਰ ਚੁੱਕੇ ਹਨ ਪਰ ਇਸ ਇਲਜ਼ਾਮ ਬਾਰੇ ਹਾਲੇ ਉਨ੍ਹਾਂ ਕੋਈ ਸਫਾਈ ਨਹੀਂ ਦਿੱਤੀ।

ਦੇਖੋ ਵੀਡੀਓ-