ਜਲੰਧਰ: ਆਮ ਆਦਮੀ ਪਾਰਟੀ ਛੱਡ ਕੇ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਸਪੀਕਰ ਵੱਲੋਂ ਭੇਜਿਆ ਨੋਟਿਸ ਪ੍ਰਾਪਤ ਹੋ ਗਿਆ। ਇਸ ਦੀ ਪੁਸ਼ਟੀ ਖ਼ੁਦ ਸੁਖਪਾਲ ਖਹਿਰਾ ਨੇ ਏਬੀਪੀ ਸਾਂਝਾ ਕੋਲ ਕੀਤੀ ਹੈ।
ਖਹਿਰਾ ਨੇ ਕਿਹਾ ਕਿ ਮੈਨੂੰ ਨੋਟਿਸ ਮਿਲ ਗਿਆ ਹੈ ਅਤੇ ਇਸ ਦਾ ਜਲਦੀ ਜਵਾਬ ਦੇ ਦਿਆਂਗਾ। ਵਿਧਾਨ ਸਭਾ ਦੀ ਮੈਂਬਰਸ਼ਿਪ ਖਾਰਜ ਕਰਨ ਸਬੰਧੀ ਜਵਾਬ ਦੇਣ ਵਾਲਾ ਨੋਟਿਸ ਉਨ੍ਹਾਂ ਨੂੰ ਅੱਜ ਹੀ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਪਿਛਲੇ ਦਿਨੀਂ ਅਕਾਲੀ ਦਲ ਵੱਲੋਂ 'ਆਪ' ਦੇ ਅਸਤੀਫ਼ਾ ਦੇ ਚੁੱਕੇ ਵਿਧਾਇਕਾਂ ਦੀ ਸਥਿਤੀ ਬਾਰੇ ਚੁੱਕੇ ਸਵਾਲ 'ਤੇ ਕਿਹਾ ਸੀ ਕਿ ਖਹਿਰਾ ਨੋਟਿਸ ਪ੍ਰਾਪਤ ਨਹੀਂ ਕਰ ਰਹੇ।
ਜਦਕਿ ਖਹਿਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੋਈ ਵੀ ਨੋਟਿਸ ਨਹੀਂ ਮਿਲਿਆ। ਇਸ ਮਗਰੋਂ ਇਹ ਵੀ ਖ਼ਬਰਾਂ ਆਈਆਂ ਸਨ ਕਿ ਖਹਿਰਾ ਨੂੰ ਨੋਟਿਸ ਜਨਤਕ ਇਸ਼ਤਿਹਾਰਬਾਜ਼ੀ ਰਾਹੀਂ ਭੇਜਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਖਹਿਰਾ ਨੂੰ ਨੋਟਿਸ ਮਿਲ ਗਿਆ ਹੈ। ਖਹਿਰਾ ਨੇ ਕਿਹਾ ਕਿ ਜਦੋਂ ਮੈਂ ਖ਼ੁਦ ਜਾ ਕੇ ਆਇਆ ਤਾਂ ਇਹ ਨੋਟਿਸ ਭੇਜਿਆ ਗਿਆ।
ਹੁਣ ਦੇਖਣਾ ਹੋਵੇਗਾ ਕਿ ਖਹਿਰਾ ਦੇ ਜਵਾਬ ਦੇਣ ਮਗਰੋਂ ਉਨ੍ਹਾਂ ਦੀ ਵਿਧਾਇਕੀ ਬਾਰੇ ਕੀ ਫੈਸਲਾ ਹੁੰਦਾ ਹੈ। ਉਂਝ ਖਹਿਰਾ ਦੀ ਪਿਛਲੀ ਪਾਰਟੀ 'ਆਪ' ਨੇ ਵੀ ਵਿਧਾਨ ਸਭਾ ਸਪੀਕਰ ਨੂੰ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਸਬੰਧੀ ਮੰਗ ਪੱਤਰ ਦਿੱਤਾ ਸੀ।