ਅੰਮ੍ਰਿਤਸਰ: ਕਰਤਰਾਪੁਰ ਸਾਹਿਬ ਗਲਿਆਰੇ ਬਾਰੇ ਅਹਿਮ ਨੁਕਤੇ ਵਿਚਾਰਨ ਲਈ ਪਾਕਿਸਤਾਨੀ ਵਫ਼ਦ ਵਿੱਚ ਸ਼ਾਮਲ ਹੋਣ ਲਈ ਅਧਿਕਾਰੀ ਭਾਰਤ ਪੁੱਜ ਗਏ ਹੈ। ਪਾਕਿਸਤਾਨ ਦੇ ਉੱਚ ਅਧਿਕਾਰੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ ਅਤੇ ਭਲਕੇ ਅਟਾਰੀ-ਵਾਹਗਾ ਸਰਹੱਦ 'ਤੇ ਦੋਵੇਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਦੀ ਬੈਠਕ ਹੋਵੇਗੀ। ਹਾਲਾਂਕਿ, ਪਹਿਲਾਂ ਖ਼ਬਰ ਆਈ ਸੀ ਕਿ ਪੂਰਾ ਵਫ਼ਦ ਆ ਗਿਆ ਹੈ, ਪਰ ਬਾਅਦ ਵਿੱਚ ਸੋਧਿਆ ਗਿਆ ਤੇ ਸਾਫ ਹੋਇਆ ਕਿ ਪਾਕਿ ਵਫ਼ਦ ਭਲਕੇ ਹੀ ਆਵੇਗਾ ਅਤੇ ਅੱਜ ਸਿਰਫ ਡਿਪਟੀ ਹਾਈ ਕਮਿਸ਼ਨਰ ਹੀ ਪੁੱਜੇ ਹਨ।


ਭਾਰਤ ਲਈ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ। ਮੀਡੀਆ ਨੇ ਉਨ੍ਹਾਂ ਨੂੰ ਇੱਥੇ ਸਵਾਲ ਕੀਤਾ ਕਿ ਕੀ ਕਰਤਰਾਪੁਰ ਸਾਹਿਬ ਗਲਿਆਰੇ ਲਈ ਵੀਜ਼ਾ ਦੀ ਸ਼ਰਤ ਰੱਖੀ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਇਹ ਭਲਕੇ ਬੈਠਕ ਵਿੱਚ ਵਿਚਾਰਿਆ ਜਾਵੇਗਾ।


ਸਈਅਦ ਹੈਦਰ ਨੇ ਕਿਹਾ ਕਿ ਅਸੀਂ ਸਿੱਖ ਸ਼ਰਧਾਲੂਆਂ ਲਈ ਅਸੀਂ ਕਰਤਾਰਪੁਰ ਸਾਹਿਬ ਦਾ ਰਸਤਾ ਖੋਲ੍ਹਣ ਜਾ ਰਹੇ ਹਾਂ ਤਾਂ ਜੋ ਪਾਕਿਸਤਾਨ ਵਿੱਚ ਆ ਕੇ ਦਰਸ਼ਨ ਕਰ ਸਕਣ। ਉਨ੍ਹਾਂ ਗਲਿਆਰੇ ਨੂੰ ਸ਼ੁਰੂ ਕਰਨ ਦਾ ਪੂਰਾ ਸਿਹਰਾ ਆਪਣੇ ਦੇਸ਼ ਨੂੰ ਦਿੱਤਾ।