ਪੇਈਚਿੰਗ: ਕਹਿੰਦੇ ਨੇ ਜਿਸ ਦੇ ਸਿਰ 'ਤੇ ਰੱਬ ਆਪਣਾ ਹੱਥ ਰੱਖ ਦੇਵੇ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਕੁਝ ਅਜਿਹਾ ਹੀ ਹੋਇਆ ਇਸ 3 ਸਾਲ ਦੀ ਮਾਸੂਮ ਬੱਚੀ ਨਾਲ। ਚੀਨ ਦੇ ਪੂਰਬੀ ਤੱਟੀ ਝੇਜੀਯਾਂਗ ਸੂਬੇ 'ਚ ਢਹੇ 4 ਮਕਾਨਾਂ ਦੇ ਮਲਬੇ 'ਚੋਂ ਇਕ 3 ਸਾਲ ਦੀ ਬੱਚੀ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 12 ਘੰਟੇ ਬਾਅਦ ਵੀ ਇਮਾਰਤ ਦੇ ਮਲਬੇ ਹੇਠੋਂ ਬਾਹਰ ਕੱਢੀ ਗਈ ਬੱਚੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਦੀ ਵਜ੍ਹਾ ਇਹ ਹੈ ਕਿ ਇਮਾਰਤ ਦੇ ਮਲਬੇ ਨੂੰ ਬੱਚੀ ਦੇ ਪਿਤਾ ਨੇ ਆਪਣੀ ਪਿੱਠ ਉੱਪਰ ਝੱਲ ਲਿਆ ਅਤੇ ਬੱਚੀ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਸੀ। ਇਸ ਹਾਦਸੇ 'ਚ ਬੱਚੀ ਦੇ ਪਿਤਾ ਦੀ ਮੌਤ ਹੋ ਗਈ ਪਰ ਬੱਚੀ ਬਚ ਗਈ। 3 ਸਾਲ ਦੀ ਮਾਸੂਮ ਬੱਚੀ ਨੂੰ 6 ਮੰਜ਼ਲਾਂ ਇਮਾਰਤ ਦੇ ਮਲਬੇ ਹੇਠੋਂ ਬਾਹਰ ਕੱਢਣ ਵਾਲੇ ਬਚਾਅ ਕਰਮੀ ਨੇ ਦੱਸਿਆ ਕਿ ਬੱਚੀ ਸਿਰਫ ਇਸ ਲਈ ਬਚ ਸਕੀ ਕਿਉਂਕਿ ਮ੍ਰਿਤਕ ਪਿਤਾ ਦੇ ਸਰੀਰ ਨੇ ਬੱਚੀ ਨੂੰ ਮਲਬੇ ਅੰਦਰ ਸੰਭਾਲਣ 'ਚ ਜੀਵਨ ਰੱਖਿਅਕ ਦਾ ਕੰਮ ਕੀਤਾ। ਇਮਾਰਤ ਢਹਿਣ ਦੇ ਇਸ ਹਾਦਸੇ 'ਚ 3 ਸਾਲ ਦੀ ਬੱਚੀ ਦਾ ਪੂਰਾ ਪਰਿਵਾਰ ਜ਼ਿੰਦਾ ਦਫਨ ਹੋ ਗਿਆ। ਬੱਚੀ ਦੇ ਪਿਤਾ ਜੁੱਤੀਆਂ ਦੀ ਫੈਕਟਰੀ 'ਚ ਕੰਮ ਕਰਦੇ ਸਨ। ਉੱਥੇ ਹੀ ਕੁਝ ਹੀ ਦੂਰੀ 'ਤੇ ਬੱਚੀ ਦੀ ਮਾਂ ਦੀ ਲਾਸ਼ ਵੀ ਮਿਲੀ ਹੈ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਦੀਆਂ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਰਾਹਤ ਕਰਮੀ ਬੱਚੀ ਨੂੰ ਸੀਮੈਂਟ ਅਤੇ ਇੱਟ ਦੇ ਮਲਬੇ ਵਿਚੋਂ ਬਾਹਰ ਕੱਢ ਰਹੇ ਹਨ। ਬੱਚੀ ਦੇ ਵਾਲ ਅਤੇ ਸਰੀਰ ਪੂਰੀ ਤਰ੍ਹਾਂ ਧੂੜ ਨਾਲ ਭਰ ਗਏ ਅਤੇ ਉਸ ਮਾਮੂਲੀ ਜਿਹੀਆਂ ਸੱਟਾਂ ਹੀ ਲੱਗੀਆਂ ਹਨ। ਦੱਸਣ ਯੋਗ ਹੈ ਕਿ ਚੀਨ ਦੇ ਪੂਰਬੀ ਤੱਟੀ ਝੇਜੀਆਂਗ 'ਚ ਮੰਗਲਵਾਰ ਨੂੰ 4 ਮਕਾਨ ਢਹਿ-ਢੇਰੀ ਹੋ ਗਏ। ਇਕ ਰਿਪੋਰਟ ਮੁਤਾਬਕ ਹਾਦਸੇ 'ਚ ਮਲਬੇ ਹੇਠੋਂ 28 ਲੋਕਾਂ ਨੂੰ ਕੱਢਿਆ ਗਿਆ ਹੈ। ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ, ਜਦਕਿ ਜਿਊਂਦੇ ਮਿਲੇ ਲੋਕਾਂ 'ਚੋਂ 6 ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਰਾਹਤ ਕਰਮੀਆਂ ਨੇ ਦੱਸਿਆ ਕਿ ਜੋ ਮਕਾਨ ਢਹੇ ਹਨ, ਉਨ੍ਹਾਂ ਦਾ ਨਿਰਮਾਣ ਪਿੰਡ ਵਾਸੀਆਂ ਨੇ ਕੀਤਾ ਸੀ। ਨੁਕਸਾਨੇ ਗਏ ਮਕਾਨਾਂ ਕੋਲ 5 ਹੋਰ ਮਕਾਨ ਹਨ, ਜੋ 1970 ਦੇ ਦਹਾਕੇ 'ਚ ਬਣਾਏ ਗਏ ਸਨ। ਇਨ੍ਹਾਂ ਮਕਾਨਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ। ਦੱਸਣ ਯੋਗ ਹੈ ਕਿ ਚੀਨ 'ਚ ਹਾਲ ਦੇ ਹੀ ਸਾਲਾਂ ਵਿਚ ਨਿਰਮਾਣ ਦੀ ਖਰਾਬ ਗੁਣਵੱਤਾ ਕਾਰਨ ਕਈ ਮਕਾਨਾਂ ਦੇ ਢਹਿਣ ਦੀਆਂ ਖਬਰਾਂ ਆਈਆਂ, ਜਿਸ 'ਚ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ।