ਫੁੱਲ ਵਿਕਰੇਤਾ ਦੀ ਪਤਨੀ ਦੇ ਬੈਂਕ ਖਾਤੇ 'ਚ ਸੀ 60 ਰੁਪਏ, ਅਚਾਨਕ ਆਏ 30 ਕਰੋੜ ਰੁਪਏ, ਜਾਣੋ ਅੱਗੇ ਕੀ ਹੋਇਆ
ਮਨਵੀਰ ਕੌਰ ਰੰਧਾਵਾ | 06 Feb 2020 03:18 PM (IST)
ਜੇ ਫਾਕੇ ਕੱਟ ਰਹੇ ਕਿਸੇ ਬੰਦੇ ਦੇ ਖਾਤੇ ਵਿੱਚ 30 ਕਰੋੜ ਆ ਜਾਣ ਤਾਂ ਭਲਾ ਕੀ ਵਾਪਰੇਗਾ। ਅਜਿਹਾ ਹੀ ਕਿੱਸਾ ਕਰਨਾਟਕ ਦੇ ਚੰਨਾਪਟਨਾ ਕਸਬੇ 'ਚ ਵਾਪਰਿਆ।
ਮਨਵੀਰ ਕੌਰ ਰੰਧਾਵਾ ਚੰਡੀਗੜ੍ਹ: ਚੰਨਾਪਟਨਾ ਵਿੱਚ ਇੱਕ ਫੁੱਲ ਵੇਚਣ ਵਾਲੇ ਨੂੰ ਉਦੋਂ ਹੈਰਾਨੀ ਹੋਈ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਪਤਨੀ ਦੇ ਬੈਂਕ ਖਾਤੇ 'ਚ 30 ਕਰੋੜ ਰੁਪਏ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਉਸ ਦਾ ਪਰਿਵਾਰ ਡਾਕਟਰੀ ਜ਼ਰੂਰਤਾਂ ਪੂਰਾ ਕਰਨ ਲਈ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ। ਖਬਰਾਂ ਮੁਤਾਬਕ ਬੈਂਕ ਅਧਿਕਾਰੀਆਂ ਨੇ 2 ਦਸੰਬਰ ਨੂੰ ਫੁੱਲ ਵੇਚਣ ਵਾਲਾ ਸਈਦ ਮਲਿਕ ਬੁਰਹਾਨ ਦੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਉਸ ਨੂੰ ਇਹ ਦੱਸਣ ਲਈ ਕਿਹਾ ਕਿ ਰਕਮ ਉਸ ਦੇ ਖਾਤੇ 'ਚ ਕਿਵੇਂ ਆਈ। ਬੁਰਹਾਨ ਨੇ ਕਿਹਾ, “2 ਦਸੰਬਰ ਨੂੰ ਉਹ ਸਾਡੇ ਘਰ ਦੀ ਭਾਲ ਕਰਨ ਆਏ ਸੀ। ਉਨ੍ਹਾਂ ਨੇ ਸਿਰਫ ਇੰਨਾ ਕਿਹਾ ਕਿ ਮੇਰੀ ਪਤਨੀ (ਰੇਹਾਨਾ) ਦੇ ਖਾਤੇ 'ਚ ਵੱਡੀ ਰਕਮ ਜਮ੍ਹਾਂ ਹੋਈ ਹੈ ਤੇ ਮੈਨੂੰ ਆਪਣੀ ਪਤਨੀ ਦੇ ਨਾਲ ਆਧਾਰ ਕਾਰਡ ਦੇ ਨਾਲ ਆਉਣ ਲਈ ਕਿਹਾ ਗਿਆ।” ਬੁਰਹਾਨ ਨੇ ਦਾਅਵਾ ਕੀਤਾ ਕਿ ਬੈਂਕ ਕਰਮਚਾਰੀਆਂ ਨੇ ਇੱਕ ਦਸਤਾਵੇਜ਼ 'ਤੇ ਦਸਤਖ਼ਤਕਰਨ ਲਈ ਉਸ 'ਤੇ ਬਹੁਤ ਦਬਾਅ ਪਾਇਆ ਗਿਆ ਪਰ ਉਸ ਨੇ ਇਨਕਾਰ ਕਰ ਦਿੱਤਾ। ਬੁਰਹਾਨ ਨੇ ਕਿਹਾ ਕਿ ਇੱਕ ਆਨਲਾਈਨ ਪੋਰਟਲ ਜ਼ਰੀਏ ਇੱਕ ਸਾੜੀ ਖਰੀਦੀ ਸੀ ਜਿਸ ਤੋਂ ਬਾਅਦ ਕਾਰ ਜਿੱਤਣ ਲਈ ਉਸ ਤੋਂ ਬੈਂਕ ਦੇ ਵੇਰਵੇ ਮੰਗੇ ਗਏ ਸੀ। ਉਸ ਨੇ ਕਿਹਾ ਕਿ ਉਸ ਤੋਂ ਬਾਅਦ ਅਸੀਂ ਭਟਕਦੇ ਰਹੇ ਕਿ ਸਾਡੇ ਖਾਤੇ 'ਚ ਪੈਸਾ ਕਿਵੇਂ ਆਵੇਗਾ। ਸਾਡੇ ਖਾਤੇ 'ਚ ਸਿਰਫ 60 ਰੁਪਏ ਸੀ, ਪਰ ਅਚਾਨਕ ਇੰਨੇ ਪੈਸੇ ਆ ਗਏ। ਅਸੀਂ ਸਮਝ ਨਹੀਂ ਸਕੇ। ਬੁਰਹਾਨ ਨੇ ਕਿਹਾ ਕਿ ਉਸ ਨੇ ਇਨਕਮ ਟੈਕਸ ਵਿਭਾਗ ਅੱਗੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਅਧਾਰ 'ਤੇ ਰਾਮਨਗਰ ਜ਼ਿਲ੍ਹੇ ਦੇ ਚੰਨਾਪਟਨਾ ਸ਼ਹਿਰ ਦੀ ਪੁਲਿਸ ਨੇ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਜਾਅਲਸਾਜ਼ੀ ਅਤੇ ਧੋਖਾਦੇਹੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ, "ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਅਦਾਇਗੀ ਕਿਸ ਉਦੇਸ਼ ਨਾਲ ਕੀਤੀ ਗਈ ਸੀ ਜੋ ਵੀ ਇਸ ਦੇ ਪਿੱਛੇ ਹੈ, ਅਸੀਂ ਉਸ ਨੂੰ ਗ੍ਰਿਫ਼ਤਾਰ ਕਰਾਂਗੇ।"