Viral Video: ਇੰਟਰਨੈੱਟ 'ਤੇ ਅਰਜਨਟੀਨਾ ਦਾ ਇੱਕ ਰੌਂਗਟੇ ਖੜ੍ਹੇ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਨਿਊਯਾਰਕ ਪੋਸਟ ਅਨੁਸਾਰ ਇਸ ਵੀਡੀਓ ਵਿੱਚ ਇੱਕ ਲੜਕੀ ਚੱਲਦੀ ਰੇਲਗੱਡੀ ਦੇ ਦੋ ਡੱਬਿਆਂ ਦੇ ਵਿਚਕਾਰ ਬੇਹੋਸ਼ ਹੋ ਕੇ ਡਿੱਗ ਜਾਂਦੀ ਹੈ ਪਰ ਬਿਊਨਸ ਆਇਰਸ ਵਿੱਚ ਸਟੇਸ਼ਨ 'ਤੇ ਖੜ੍ਹੇ ਹੋਰ ਯਾਤਰੀਆਂ ਦੁਆਰਾ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹੈ।
ਇਹ ਅਦਭੁਤ ਦ੍ਰਿਸ਼ ਸਟੇਸ਼ਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਿਆ। ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਸਟੇਸ਼ਨ 'ਤੇ ਖੜ੍ਹੀ ਇੱਕ ਔਰਤ, ਜਿਸ ਦਾ ਨਾਂ ਕੇਵਲ ਕੈਂਡੇਲਾ ਹੈ, ਅਚਾਨਕ ਆਪਣਾ ਸੰਤੁਲਨ ਗੁਆ ਕੇ ਹੌਲੀ-ਹੌਲੀ ਅੱਗੇ ਵਧਣ ਲੱਗਦੀ ਹੈ ਤੇ ਦੇਖਦੇ ਹੀ ਦੇਖਦੇ ਉਹ ਸਟੇਸ਼ਨ 'ਤੇ ਆ ਰਹੀ ਟ੍ਰੇਨ ਦੇ ਦੋ ਡੱਬਿਆਂ ਵਿਚਕਾਰ ਜਾ ਡਿੱਗੀ। ਇਹ ਘਟਨਾ 29 ਮਾਰਚ ਦੀ ਦੱਸੀ ਜਾ ਰਹੀ ਹੈ। ਔਰਤ ਨੂੰ ਡਿੱਗਦਾ ਦੇਖ ਕੇ ਸਟੇਸ਼ਨ 'ਤੇ ਮੌਜੂਦ ਯਾਤਰੀ ਕਾਫੀ ਡਰ ਗਏ ਪਰ ਫਿਰ ਔਰਤ ਦੀ ਮਦਦ ਲਈ ਦੌੜ ਪਏ।
ਇੱਕ ਬਿਆਨ ਵਿੱਚ ਉਕਤ ਔਰਤ ਨੇ ਕਿਹਾ ਕਿ "ਮੈਨੂੰ ਨਹੀਂ ਪਤਾ ਕਿ ਮੈਂ ਅਜੇ ਤੱਕ ਕਿਵੇਂ ਜ਼ਿੰਦਾ ਹਾਂ। ਮੈਂ ਅਜੇ ਵੀ ਇਹ ਸਭ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। "ਕੈਂਡੇਲਾ ਨੇ ਇੱਕ ਅਰਜਨਟੀਨੀ ਟੈਲੀਵਿਜ਼ਨ ਚੈਨਲ ਨੂੰ ਦੱਸਿਆ, ਜਿਵੇਂ ਕਿ ਪੋਸਟ ਦੁਆਰਾ ਰਿਪੋਰਟ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੇ ਸੋਚਿਆ ਕਿ ਹਾਦਸੇ ਤੋਂ ਬਚਣ ਤੋਂ ਬਾਅਦ ਉਸ ਦਾ ਪੁਨਰ ਜਨਮ ਹੋਇਆ ਹੈ। ਕੈਂਡੇਲਾ ਨੇ ਕਿਹਾ, "ਮੇਰੇ ਬਲੱਡ ਪ੍ਰੈਸ਼ਰ ਵਿੱਚ ਅਚਾਨਕ ਗਿਰਾਵਟ ਆਈ ਤੇ ਮੈਂ ਬੇਹੋਸ਼ ਹੋ ਗਈ। ਮੈਂ ਆਪਣੇ ਸਾਹਮਣੇ ਵਾਲੇ ਵਿਅਕਤੀ ਨੂੰ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਪਰ ਕੁਝ ਹੋਰ ਯਾਦ ਨਹੀਂ ਰਿਹਾ, ਇੱਥੋਂ ਤੱਕ ਕਿ ਜਿਸ ਟ੍ਰੇਨ ਨਾਲ ਮੈਂ ਟਕਰਾਈ ਸੀ, ਉਹ ਵੀ।
ਐਂਬੂਲੈਂਸ ਦੇ ਆਉਣ ਤੋਂ ਪਹਿਲਾਂ ਕੈਂਡੇਲਾ ਸਟੇਸ਼ਨ 'ਤੇ ਬੈਠ ਗਈ ਤੇ ਫਿਰ ਲੇਟ ਗਈ। ਇਸ ਤੋਂ ਬਾਅਦ ਉਸ ਨੂੰ ਵ੍ਹੀਲ ਚੇਅਰ 'ਤੇ ਬਿਠਾ ਕੇ ਐਂਬੂਲੈਂਸ 'ਚ ਲਿਜਾਇਆ ਗਿਆ। ਕੈਂਡੇਲਾ ਨੂੰ ਬਿਊਨਸ ਆਇਰਸ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਿਹਾ ਕਿ ਉਹ ਖਤਰੇ ਤੋਂ ਬਾਹਰ ਹੈ।