ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਇੱਕ ਲਾਈਵ ਕੰਸਰਟ ਵਿਵਾਦਾਂ 'ਚ ਘਿਰ ਗਿਆ ਹੈ। ਪੰਜਾਬ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਹੋਏ ਮਿਊਜ਼ਿਕ ਸ਼ੋਅ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਇੱਕ ਮਿਊਜ਼ਿਕ ਕੰਪਨੀ ਅਤੇ ਹੈਲੀਕਾਪਟਰ ਦੇ ਪਾਇਲਟ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਿਲਜੀਤ ਦੋਸਾਂਝ ਦਾ ਇਹ ਸ਼ੋਅ ਬੌਰਨ ਟੂ ਸ਼ਾਈਨ ਲਈ ਮਿਊਜ਼ਿਕ ਕੰਪਨੀ ਵੱਲੋਂ ਕਰਵਾਇਆ ਗਿਆ ਸੀ। ਹੈਲੀਕਾਪਟਰ ਦੇ ਪਾਇਲਟ ਖ਼ਿਲਾਫ਼ ਸਤਨਾਮਪੁਰਾ ਥਾਣੇ ਵਿੱਚ ਆਈਪੀਸੀ ਦੀ ਧਾਰਾ 336 ਅਤੇ 188 ਤਹਿਤ ਕੇਸ ਦਰਜ ਕੀਤਾ ਗਿਆ ਹੈ।


ਪੁਲਿਸ ਮੁਤਾਬਕ ਸਾਰੇਗਾਮਾ ਮਿਊਜ਼ਿਕ ਕੰਪਨੀ ਨੇ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਕਰਵਾਇਆ ਸੀ। ਮਿਊਜ਼ਿਕ ਕੰਪਨੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ ਇਸ ਇਜਾਜ਼ਤ ਤੋਂ ਬਾਅਦ ਵੀ ਇਹ ਪ੍ਰੋਗਰਾਮ ਰਾਤ 11 ਵਜੇ ਤੱਕ ਚੱਲਿਆ। ਇਸ ਦੇ ਨਾਲ ਹੀ ਦੁਸਾਂਝ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਨੂੰ ਨਿਰਧਾਰਤ ਸਥਾਨ ਦੀ ਬਜਾਏ ਕਿਸੇ ਹੋਰ ਥਾਂ 'ਤੇ ਉਤਾਰਿਆ ਗਿਆ। ਇਸ ਲਈ ਜਿੱਥੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਸਨ, ਉੱਥੇ ਹੈਲੀਕਾਪਟਰ ਨੂੰ ਹੈਲੀਪੈਡ 'ਤੇ ਨਹੀਂ ਉਤਾਰਿਆ ਗਿਆ, ਜਿਸ ਕਾਰਨ ਮੈਦਾਨ 'ਤੇ ਮੌਜੂਦ ਭੀੜ ਲਈ ਇਹ ਵੱਡਾ ਖਤਰਾ ਬਣ ਗਿਆ |

ਇਸ ਤੋਂ ਇਲਾਵਾ ਪਾਇਲਟ ਨੇ ਸਥਾਨ ਦੇ 2-3 ਚੱਕਰ ਲਗਾਏ। ਇਸ ਮਾਮਲੇ ਸਬੰਧੀ ਐਸ.ਆਈ ਬਲਵਿੰਦਰ ਰਾਏ ਨੇ ਆਪਣੀ ਪੁਲਿਸ ਰਿਪੋਰਟ ਵਿੱਚ ਦੱਸਿਆ ਕਿ ਲੋਕ ਹੈਲੀਕਾਪਟਰ ਵੱਲ ਭੱਜੇ, ਜਿਸ ਵਿੱਚ ਬਹੁਤ ਖਤਰਾ ਸੀ। ਜਿਸ ਥਾਂ 'ਤੇ ਪੰਜਾਬੀ ਗਾਇਕ ਪ੍ਰੋਗਰਾਮ ਲਈ ਆਏ ਸਨ, ਉਹ ਉਨ੍ਹਾਂ ਦੇ ਪਿੰਡ ਕਲਾਂ ਦੇ ਨੇੜੇ ਹੀ ਸੀ। ਦਿਲਜੀਤ ਨੇ ਇਸ ਸ਼ੋਅ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈਆਂ ਹਨ।