ਚੰਡੀਗੜ੍ਹ: ਫਗਵਾੜਾ ਵਿੱਚ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਸਾਰੇਗਾਮਾ ਪਾ ਵੱਲੋਂ ਕਰਵਾਏ ਗਏ ਪ੍ਰੋਗਰਾਮ ਨੂੰ ਲੈ ਕੇ ਪ੍ਰਸ਼ਾਸਨ ਨੇ ਮਾਮਲਾ ਦਰਜ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਬਾਲੀਵੁੱਡ ਐਕਟਰ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਪਹੁੰਚੇ ਸੀ।



ਪਤਾ ਲੱਗਾ ਹੈ ਕਿ ਸਾਰੇਗਾਮਾ ਪਾ ਕੰਪਨੀ ਤੇ ਇਸ ਪ੍ਰੋਗਰਾਮ ਵਿੱਚ ਹੈਲੀਕਾਪਟਰ ਦੇ ਪਾਈਲਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਕੰਪਨੀ ਵੱਲੋਂ ਤੇ ਹੈਲੀਕਾਪਟਰ ਦੇ ਪਾਈਲਟ ਵੱਲੋਂ ਐਸਡੀਐਮ ਫਗਵਾੜਾ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਜਿਸ ਦੇ ਚੱਲਦੇ ਇਹ ਮਾਮਲਾ ਦਰਜ ਕੀਤਾ ਗਿਆ ਹੈ।


ਹਾਸਲ ਜਾਣਕਾਰੀ ਮੁਤਾਬਕ ਪਾਈਲਟ ਨੇ ਹੈਲੀਪੈਡ 'ਤੇ ਚੌਪਰ ਨਾ ਉਤਾਰ ਕੇ ਕਿਸੇ ਹੋਰ ਜਗ੍ਹਾ 'ਤੇ ਚੌਪਰ ਉਤਾਰਿਆ ਸੀ। ਹੈਲੀਪੈਡ ਦੀ ਮਨਜੂਰੀ ਐਸਡੀਐਮ ਫਗਵਾੜਾ ਤੋਂ ਲਈ ਗਈ ਸੀ। ਹੈਲੀਪੈਡ ਤੇ ਚੌਪਰ ਨਾ ਉਤਾਰੇ ਜਾਣ ਕਾਰਨ ਐਸਡੀਐਮ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ। ਇਸ ਲਈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।


ਦੱਸ ਦਈਏ ਕਿ ਪੰਜਾਬੀ ਅਭਿਨੇਤਾ ਅਤੇ ਗਾਇਕ ਦਿਲਜੀਤ ਦੋਸਾਂਝ ਆਪਣੇ ਬੌਰਨ ਟੂ ਸ਼ਾਈਨ ਵਰਲਡ ਟੂਰ 2022 ਦੀ ਸਫ਼ਲਤਾ ਦਾ ਆਨੰਦ ਲੈ ਰਹੇ ਹਨ। ਪਰ ਅਜਿਹਾ ਲੱਗਦਾ ਹੈ ਕਿ ਸਭ ਕੁਝ ਉਮੀਦ ਮੁਤਾਬਕ ਠੀਕ ਨਹੀਂ ਚੱਲ ਰਿਹਾ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵਿਖੇ ਹੋਏ ਦਿਲਜੀਤ ਦੇ ਹਾਲ ਹੀ ਦੇ ਲਾਈਵ ਕੰਸਰਟ ਨੇ ਮੁਸੀਬਤ ਨੂੰ ਸੱਦਾ ਦਿੱਤਾ ਹੈ।


ਹੈਲੀਕਾਪਟਰ ਦੇ ਪਾਇਲਟ 'ਤੇ ਇੱਕ ਵੱਖਰੀ ਐਫਆਈਆਰ ਦਰਜ ਕੀਤੀ ਗਈ ਹੈ। ਇਹ ਉਹੀ ਹੈਲੀਕਾਪਟਰ ਹੈ ਜਿਸ ਤੋਂ ਦਿਲਜੀਤ ਨੇ ਆਪਣੀ ਸ਼ਾਨਦਾਰ ਐਂਟਰੀ ਕੀਤੀ ਸੀ, ਪਰ ਰਿਪੋਰਟਾਂ ਮੁਤਾਬਕ ਹੈਲੀਕਾਪਟਰ ਦੇ ਪਾਇਲਟ ਨੇ ਹੈਲੀਕਾਪਟਰ ਨੂੰ ਅਧਿਕਾਰਤ ਹੈਲੀਪੈਡ 'ਤੇ ਨਹੀਂ ਉਤਾਰਿਆ। ਉਸ ਨੇ ਇਸ ਨੂੰ ਕਿਸੇ ਹੋਰ ਥਾਂ 'ਤੇ ਉਤਾਰਿਆ, ਜਿਸ ਦੇ ਨਤੀਜੇ ਵਜੋਂ ਉਸ ਵਿਰੁੱਧ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਗਈ।


ਐਫਆਈਆਰ ਮਨੁੱਖੀ ਜੀਵਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਲਈ ਧਾਰਾ 336 ਅਤੇ ਭਾਰਤੀ ਦੰਡਾਵਲੀ ਦੇ ਤਹਿਤ ਇੱਕ ਜਨਤਕ ਸੇਵਕ ਵਲੋਂ ਦਿੱਤੇ ਹੁਕਮਾਂ ਦੀ ਪਾਲਣਾ ਨਾਹ ਕਰਨ ਲਈ 188 ਦੇ ਤਹਿਤ ਦਰਜ ਕੀਤੀਆਂ ਗਈਆਂ ਹਨ।