ਤੁਸੀਂ ਅਕਸਰ ਵਿਆਹ ਕਰਵਾ ਕੇ ਅਗਲੀ ਰਾਤ ਗਹਿਣੇ-ਪੈਸੇ ਲੈਕੇ ਭੱਜਦੀ ਲਾੜੀ ਦੇ ਕਿੱਸੇ ਸੁਣੇ ਹੋਣਗੇ। ਪਰ ਹੁਣ ਤਾਜ਼ੇ ਮਾਮਲਾ ਵਿਚ ਵਿਆਹ ਦੇ 2 ਸਾਲਾਂ ਬਾਅਦ ਲੁਟੇਰੀ ਲਾੜੀ ਨੇ ਇਹ ਕੰਮ ਕੀਤਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਔਰਤ ਵਿਆਹ ਦੇ ਦੋ ਸਾਲ ਬਾਅਦ ਪੈਸੇ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ। ਜਾਣਕਾਰੀ ਮੁਤਾਬਕ ਔਰਤ ਆਪਣੇ ਪਤੀ ਨਾਲ ਰਹਿੰਦੇ ਹੋਏ 10 ਲੱਖ ਰੁਪਏ ਲੈ ਕੇ ਭੱਜੀ ਹੈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਇਸ ਲੁਟੇਰੀ ਲਾੜੀ ਦੀ ਭਾਲ ਸ਼ੁਰੂ ਕਰ ਦਿੱਤੀ।


ਰਿਪੋਰਟ ਮੁਤਾਬਕ ਇੰਦੌਰ ਦੇ ਹੀਰਾ ਨਗਰ ਇਲਾਕੇ 'ਚ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੀ ਪਤਨੀ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਨੌਜਵਾਨ ਦਾ ਦਾਅਵਾ ਹੈ ਕਿ ਉਸ ਦੀ ਪਤਨੀ ਨੇ ਕਈ ਵਿਆਹ ਕਰਵਾ ਕੇ ਵੱਖ-ਵੱਖ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।


ਪੀੜਤ ਸੰਦੀਪ ਪਿਲੋਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੂੰ ਦੀਵਾਲੀ 2022 'ਚ ਪਹਿਲੀ ਨਜ਼ਰ 'ਚ ਇਕ ਔਰਤ ਨਾਲ ਪਿਆਰ ਹੋ ਗਿਆ ਅਤੇ ਪੰਜ ਮਹੀਨਿਆਂ ਬਾਅਦ ਉਸ ਨਾਲ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਸੰਦੀਪ ਜਵਾਈ ਬਣ ਗਿਆ ਅਤੇ ਆਪਣੀ ਹੀ ਪਤਨੀ ਦੇ ਪੇਕੇ ਘਰ ਰਹਿਣ ਲੱਗਾ। ਇਸ ਦੌਰਾਨ ਔਰਤ ਨੇ ਸੰਦੀਪ ਨੂੰ ਸੋਨੇ ਤੇ ਚਾਂਦੀ ਦੇ ਗਹਿਣੇ ਖਰੀਦਣ ਲਈ ਕਿਹਾ ਅਤੇ ਪੈਸੇ ਵੀ ਆਪਣੇ ਕੋਲ ਰੱਖ ਲਏ, ਫਿਰ ਕੁਝ ਦਿਨ ਇਕੱਠੇ ਰਹਿਣ ਤੋਂ ਬਾਅਦ ਸੰਦੀਪ ਤੋਂ ਦੂਰੀ ਬਣਾ ਲਈ। ਜਦੋਂ ਸੰਦੀਪ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਔਰਤ ਆਪਣੇ ਪੇਕੇ ਪਰਿਵਾਰ ਨਾਲ ਕਿਤੇ ਹੋਰ ਰਹਿਣ ਲਈ ਚਲੀ ਗਈ। 



ਹੁਣ ਸੰਦੀਪ ਨੇ ਇਸ ਮਾਮਲੇ ਦੀ ਸ਼ਿਕਾਇਤ ਹੀਰਾ ਨਗਰ ਇਲਾਕੇ ਦੇ ਡੀਸੀਪੀ ਹੰਸਰਾਜ ਸਿੰਘ ਨੂੰ ਦਿੱਤੀ ਹੈ, ਜਿਸ ਦੇ ਆਧਾਰ ’ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਸੀਪੀ ਹੰਸਰਾਜ ਸਿੰਘ ਨੇ ਦੱਸਿਆ ਕਿ ਕਈ ਹੋਰ ਰਾਜਾਂ ਵਿੱਚ ਵੀ ਔਰਤ ਦੇ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੰਦੀਪ ਵੱਲੋਂ ਲੱਖਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇੱਕ ਟੀਮ ਔਰਤ ਦੀ ਭਾਲ ਵਿੱਚ ਵੀ ਲੱਗੀ ਹੋਈ ਹੈ।