ਅਮਰੀਕਾ: ਅਮਰੀਕਾ ਦੇ ਕੰਸਾਸ ਸ਼ਹਿਰ ਦੀ ਅਦਾਲਤ ਵਿੱਚ ਅਨੌਖੀ ਅਪੀਲ ਕੀਤੀ ਗਈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੱਥੋਂ ਦੀ ਅਦਾਲਤ ਵਿੱਚ ਇੱਕ ਵਿਅਕਤੀ ਨੇ ਜੱਜ ਤੋਂ ਤਲਵਾਰਾਂ ਦਾ ਮੁਕਾਬਲਾ ਕਰਵਾ ਕੇਸ ਦਾ ਨਿਬੇੜਾ ਕਰਨ ਦੀ ਮੰਗ ਕੀਤੀ ਹੈ। ਉਸ ਆਦਮੀ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਇਸ ਲਈ 12 ਹਫ਼ਤਿਆਂ ਦਾ ਸਮਾਂ ਦੇਵੇ ਤਾਂ ਕਿ ਉਹ ਇਸ ਸਮੇਂ ਦੌਰਾਨ ਜਾਪਾਨੀ ਤਲਵਾਰ ਮੰਗਵਾ ਸਕੇ।


ਡੇਵਿਡ ਨਾਂ ਦੇ ਇੱਕ ਵਿਅਕਤੀ ਦਾ ਸਾਬਕਾ ਪਤਨੀ ਤੋਂ ਜਾਇਦਾਦ ਤੇ ਟੈਕਸ ਦੀ ਅਦਾਇਗੀ ਨੂੰ ਲੈ ਕੇ ਵਿਵਾਦ ਅਦਾਲਤ ਵਿੱਚ ਚੱਲ ਰਿਹਾ ਹੈ। ਡੇਵਿਡ ਦਾ ਦੋਸ਼ ਹੈ ਕਿ ਉਸ ਦੀ ਸਾਬਕਾ ਪਤਨੀ ਤੇ ਵਕੀਲ ਨੇ ਉਸ ਨੂੰ ਕਾਨੂੰਨੀ ਝਗੜੇ ਵਿੱਚ ਫਸਾ ਕੇ ਬਰਬਾਦ ਕਰ ਦਿੱਤਾ ਹੈ। ਵਿਵਾਦ ਨੂੰ ਸੁਲਝਾਉਣ ਲਈ ਹੁਣ ਇੱਕੋ ਰਸਤਾ ਹੈ। ਉਸ ਨੇ ਅਦਾਲਤ ਤੋਂ ਮੰਗ ਕੀਤੀ ਕਿ ਉਸ ਦੇ ਤੇ ਉਸ ਦੀ ਸਾਬਕਾ ਪਤਨੀ ਵਿਚਕਾਰ ਤਲਵਾਰਬਾਜ਼ੀ ਕਰਵਾਈ ਜਾਵੇ। ਜੋ ਕੋਈ ਤਲਵਾਰ ਬਾਜ਼ੀ 'ਚ ਜਿੱਤੇਗਾ ਫੈਸਲਾ ਉਸ ਦੇ ਪੱਖ ਵਿੱਚ ਕੀਤਾ ਜਾਵੇ।

ਡੇਵਿਡ ਨੇ ਜੱਜ ਅੱਗੇ ਇਹ ਵੀ ਕਿਹਾ ਕੀ ਜੇ ਉਸ ਦੀ ਪਤਨੀ ਆਪ ਨਹੀਂ ਲੜ ਸਕਦੀ ਤਾਂ ਉਹ ਆਪਣੀ ਜਗ੍ਹਾ ਆਪਣੇ ਵਕੀਲ ਨੂੰ ਭੇਜ ਸਕਦੀ ਹੈ। ਅਦਾਲਤ 'ਚ ਇਸ ਤਰ੍ਹਾਂ ਦੀ ਅਨੌਖੀ ਮੰਗ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ।

ਮਹਿਲਾ ਦੇ ਵਕੀਲ ਨੇ ਇਸ ਨੂੰ ਬੇਤੁਕੀ ਗੱਲ ਦੱਸਿਆ। ਉਸ ਨੇ ਕਿਹਾ ਤਲਵਾਰਬਾਜ਼ੀ 'ਚ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਉਸ ਨੇ ਜੱਜ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੀ ਅਪੀਲ ਨੂੰ ਰੱਦ ਕੀਤਾ ਜਾਵੇ। ਤਮਾਮ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਕੋਈ ਆਦੇਸ਼ ਨਹੀਂ ਦਿੱਤੇ।