ਅਮਰੀਕਾ: ਅੰਤਰਰਾਸ਼ਟਰੀ ਫੁੱਟਬਾਲ ਵਿੱਚ ਆਪਣੀ ਪਛਾਣ ਬਣਾ ਚੁੱਕਾ ਇੱਕ ਖਿਡਾਰੀ ਰੋਜ਼ੀ ਰੋਟੀ ਲਈ ਸੰਘਰਸ਼ ਕਰ ਰਿਹਾ ਹੈ। ਜ਼ਿੰਦਗੀ ਦੀ ਖ਼ਾਤਰ, ਉਸਨੂੰ ਕਦੀ ਕਿਤਾਬ ਵੇਚਣੀ ਪੈਂਦੀ ਹੈ, ਤੇ ਕਦੇ ਟੈਕਸੀ ਡਰਾਈਵਰ ਬਣਨਾ ਪੈਂਦਾ ਹੈ। ਖੇਡ ਦੌਰਾਨ ਉਸ ਦੀ ਕਮਾਈ ਜਾਇਦਾਦ ਕਿੱਥੇ ਗਈ? ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਖਿਡਾਰੀ ਕੌਣ ਹੈ ਜਿਸ ਦੇ ਤਾਰੇ ਹਨੇਰੇ ਵਿੱਚ ਚੱਲ ਰਹੇ ਹਨ?


ਅਸੀਂ ਗੱਲ ਕਰ ਰਹੇ ਹਾਂ ਤੁਰਕੀ ਦੇ ਸਾਬਕਾ ਫੁੱਟਬਾਲ ਖਿਡਾਰੀ 'ਹਕਨ ਸੂਕੂਰ' ਦੀ ਜੋ ਆਪਣੇ ਦੇਸ਼ ਦੀ ਟੀਮ ਵਿੱਚ ਸਟ੍ਰਾਈਕਰ ਦੀ ਭੂਮਿਕਾ ਨਿਭਾ ਚੁੱਕਾ ਹੈ। ਪਰ ਇਨ੍ਹੀਂ ਦਿਨੀਂ ਹਕਨ ਅਮਰੀਕਾ ਵਿੱਚ ਟੈਕਸੀ ਚਲਾਉਣ ਲਈ ਮਜਬੂਰ ਹੈ। ਉਸਦਾ ਕਸੂਰ ਇਹ ਸੀ ਕਿ ਉਸਨੇ ਸੋਸ਼ਲ ਸਾਈਟ 'ਤੇ ਤੁਰਕੀ ਦੇ ਰਾਸ਼ਟਰਪਤੀ ਖਿਲਾਫ ਟਿੱਪਣੀ ਕੀਤੀ ਸੀ। ਫਿਰ ਕੀ ਸੀ ਉਸ ਸਮੇਂ ਤੋਂ, ਉਸ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। 2017 ਵਿੱਚ, ਫੁੱਟਬਾਲ ਖਿਡਾਰੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ। ਤੁਰਕੀ ਵਿੱਚ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ। ਅਧਿਕਾਰੀਆਂ ਨੇ ਉਸਦੇ ਪਿਤਾ ਨੂੰ ਵੀ ਜੇਲ ਭੇਜ ਦਿੱਤਾ। ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਉਸਨੂੰ ਆਪਣਾ ਦੇਸ਼ ਛੱਡ ਕੇ ਅਮਰੀਕਾ ਆਉਣਾ ਪਿਆ। ਸੈਨ ਫਰਾਂਸਿਸਕੋ ਅਮਰੀਕਾ ਪਹੁੰਚਣ ਤੋਂ ਬਾਅਦ, ਰੋਜ਼ੀ ਦੀ ਸਮੱਸਿਆ ਦੇ ਹੱਲ ਲਈ, ਉਸਨੇ ਪਹਿਲਾਂ ਹੋਟਲ ਚਲਾਇਆ ਪਰ ਜਦੋਂ ਹੋਟਲ ਦਾ ਕੰਮ ਸਫ਼ਲ ਨਹੀਂ ਹੋਇਆ, ਤਦ ਉਸਨੇ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ।

ਤੁਹਾਨੂੰ ਦੱਸ ਦੇਈਏ ਕਿ ਹਕਨ ਸੂਕੂਰ ਵਧੀਆ ਸਟ੍ਰਾਈਕਰਾਂ ਵਿੱਚੋਂ ਇੱਕ ਰਿਹਾ ਹੈ। ਤੁਰਕੀ ਲਈ, ਉਸਨੇ 2000 ਵਿੱਚ ਯੂਈਐਫਏ ਕੱਪ ਖਿਤਾਬ ਜਿੱਤਿਆ ਸੀ। 2002 ਵਿੱਚ ਉਸਦੀ ਬਦੋਲਤ ਹੀ ਫੁੱਟਬਾਲ ਦੀ ਟੀਮ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚੀ ਸੀ। ਹਕਨ ਨੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਰਫਤਾਰ ਨਾਲ ਗੋਲ ਕਰਨ ਦਾ ਰਿਕਾਰਡ ਬਣਾਇਆ ਹੈ।