ਚੰਡੀਗੜ੍ਹ: ਬਿਜਲੀ ਦੇ ਮੁੱਦੇ 'ਤੇ ਜਿੱਥੇ ਇੱਕ ਪਾਸੇ ਪੰਜਾਬ ਭਰ ਵਿੱਚ ਸਿਆਸਤ ਚੱਲ ਰਹੀ ਹੈ, ਉੱਥੇ ਹੀ ਵਿਰੋਧੀ ਧਿਰਾਂ ਵਿਧਾਨ ਸਭਾ ਵਿੱਚ ਸਰਕਾਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਦੇ ਚੱਲਦੇ ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਨੇ ਪੰਜਾਬ ਵਿੱਚ ਮਹਿੰਗੀ ਬਿਜਲੀ ਲਈ ਅਕਾਲੀ ਦਲ ਦੀ ਹੀ ਦੇਣ ਦੱਸਿਆ।


ਕਾਂਗੜ ਨੇ ਕਿਹਾ ਕਿ ਸਰਕਾਰ ਅਕਾਲੀ ਦਲ ਨੂੰ ਐਕਸਪੋਜ਼ ਕਰਨ ਲਈ ਵਿਧਾਨ ਸਭਾ ਵਿੱਚ ਵ੍ਹਾਈਟ ਪੇਪਰ ਲਿਆਏਗੀ ਤੇ ਉਨ੍ਹਾਂ ਵੱਲੋਂ ਕੀਤੇ ਗਏ ਸਾਰੇ ਕਰਾਰਾਂ ਦਾ ਖੁਲਾਸਾ ਕਰੇਗੀ। ਬਿਜਲੀ ਸਸਤੀ ਹੋਣ ਬਾਰੇ ਕਾਂਗੜ ਨੇ ਕਿਹਾ ਆਮ ਬੰਦੇ ਲਈ ਬਿਜਲੀ ਵ੍ਹਾਈਟ ਪੇਪਰ ਲਿਆਉਣ ਤੋਂ ਬਾਅਦ ਹੀ ਹੋਵੇਗੀ ਕਿਉਂਕਿ ਵ੍ਹਾਈਟ ਪੇਪਰ ਬਿਜਲੀ ਸਸਤੀ ਕਰਨ ਦੀ ਪ੍ਰਕਿਰਿਆ ਦਾ ਹੀ ਹਿੱਸਾ ਹੈ।

ਕਾਂਗੜ ਨੇ ਮਾਨਸੂਨ ਸੈਸ਼ਨ ਵਿੱਚ ਵ੍ਹਾਈਟ ਪੇਪਰ ਲਿਆਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਿਆਰੀ ਨਾਲ ਵਿਧਾਨ ਸਭਾ ਵਿੱਚ ਵ੍ਹਾਈਟ ਪੇਪਰ ਪੇਸ਼ ਕਰੇਗੀ ਤਾਂ ਕਿ ਕਿਸੇ ਵੀ ਕਾਗਜ਼ਾਤ ਵਿੱਚ ਕੋਈ ਕਮੀ ਨਾ ਰਹਿ ਜਾਵੇ। ਹਾਲਾਂਕਿ ਸਰਕਾਰ ਬਿਜਲੀ ਸਸਤੀ ਕਰਨ ਦਾ ਕੋਈ ਹੱਲ ਨਹੀਂ ਲੱਭ ਸਕੀ। ਸਰਕਾਰ ਭਰੋਸਾ ਦਵਾ ਰਹੀ ਹੈ ਕਿ ਜਲਦ ਇਸ ਦਾ ਹੱਲ ਕਰੇਗੀ ਪਰ ਕਰੇਗੀ ਕਿਸ ਤਰ੍ਹਾਂ ਇਸ ਦਾ ਸਪੱਸ਼ਟੀਕਰਨ ਨਹੀਂ ਦੇ ਪਾ ਰਹੀ।