ਨਵੀਂ ਦਿੱਲੀ/ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਹੋਰ ਧਮਾਕੇ ਹੋ ਸਕਦੇ ਹਨ। ਪਿਛਲੇ ਦਿਨੀਂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਤਿੱਖੀ ਬਿਆਨਬਾਜ਼ੀ ਕਰਨ ਮਗਰੋਂ ਅੱਜ ਦਿੱਲੀ ਵਿੱਚ ਟਕਸਾਲੀ ਲੀਡਰ ਉਨ੍ਹਾਂ ਨੂੰ ਮਿਲੇ। ਇਸ ਤੋਂ ਕਿਆਸ ਲਾਏ ਜਾ ਰਹੇ ਹਨ ਕਿ ਢੀਂਡਸਾ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੂੰ ਅਗਲਾ ਝਟਕਾ ਚੰਦੂਮਾਜਰਾ ਦੇ ਸਕਦੇ ਹਨ।


ਦਰਅਸਲ 18 ਜਨਵਰੀ ਨੂੰ ਕਈ ਅਕਾਲੀ ਧੜਿਆਂ ਵੱਲੋਂ ਦਿੱਲੀ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ। ਬਾਦਲਾਂ ਖਿਲਾਫ ਝੰਡਾ ਚੁੱਕਣ ਵਾਲੇ ਟਕਸਾਲੀ ਲੀਡਰ ਇਸ ਲਈ ਹੋਰ ਅਕਾਲੀ ਲੀਡਰਾਂ ਨੂੰ ਮਿਲ ਰਹੇ ਹਨ। ਇਸ ਤਹਿਤ ਹੀ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਟਕਸਾਲੀ ਲੀਡਰ ਚੰਦੂਮਾਜਰਾ ਦੇ ਘਰ ਵੀ ਗਏ। ਇੱਥੇ ਅੱਧਾ ਘੰਟਾ ਮੀਟਿੰਗ ਚੱਲੀ। ਮੀਟਿੰਗ ਤੋਂ ਬਾਅਦ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੂੰ 18 ਜਨਵਰੀ ਦੇ ਸਮਾਗਮ ਦਾ ਸੱਦਾ ਦਿੱਤਾ ਗਿਆ ਹੈ ਪਰ ਉਹ ਨਹੀਂ ਜਾਣਗੇ।

ਦੱਸ ਦਈਏ ਕਿ ਚੰਦੂਮਾਜਰਾ ਨੇ ਪਿਛਲੇ ਦਿਨੀਂ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਵੱਲੋਂ ਮੁਅੱਤਲ ਕੀਤੇ ਢੀਂਡਸਾ ਪਿਤਾ-ਪੁੱਤਰ (ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ) ਖਿਲਾਫ਼ ਜਾਰੀ ਕੀਤੇ ਬਿਆਨ ਤੋਂ ਕਿਨਾਰਾ ਕਰ ਲਿਆ ਸੀ। ਉਨ੍ਹਾਂ ਪਾਰਟੀ ਦੀ ਇਸ ਕਾਰਵਾਈ ਨੂੰ ਗ਼ਲਤ ਕਰਾਰ ਦਿੰਦਿਆਂ ਆਖਿਆ ਸੀ, ‘‘ਅਕਾਲੀ ਦਲ ਵੱਲੋਂ ਢੀਂਡਸਾ ਪਿਤਾ ਪੁੱਤਰ ਖ਼ਿਲਾਫ਼ ਜੋ ਬਿਆਨ ਜਾਰੀ ਕੀਤਾ ਗਿਆ ਸੀ, ਉਸ ਸਬੰਧੀ ਉਨ੍ਹਾਂ ਨੂੰ ਭਰੋਸੇ ’ਚ ਨਹੀਂ ਲਿਆ ਗਿਆ, ਜਿਸ ਦਾ ਉਨ੍ਹਾਂ ਨੂੰ ਅਖ਼ਬਾਰਾਂ ਰਾਹੀਂ ਪਤਾ ਲੱਗਾ ਹੈ।’’

ਚੰਦੂਮਾਜਰਾ ਨੇ ਕਿਹਾ ਸੀ ਕਿ ਪਾਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਰਾਹੀਂ ਸੀਨੀਅਰ ਆਗੂ ਤੇ ਸੰਸਦ ਮੈਂਬਰ ਖ਼ਿਲਾਫ਼ ਜੋ ਸ਼ਬਦਾਵਲੀ ਵਰਤੀ ਗਈ ਹੈ, ਉਹ ਵੀ ਇਤਰਾਜ਼ਯੋਗ ਹੈ। ਉਨ੍ਹਾਂ ਇਹ ਵੀ ਸਲਾਹ ਦਿੱਤੀ ਸੀ ਕਿ ਪਾਰਟੀ ਨੂੰ ਚਾਹੀਦਾ ਹੈ ਕਿ ਜਦੋਂ ਕੋਈ ਵੀ ਬਿਆਨ ਜਾਰੀ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਜਿਸ ਆਗੂ ਦੇ ਨਾਮ ’ਤੇ ਬਿਆਨ ਜਾਰੀ ਕੀਤਾ ਜਾਂਦਾ ਹੈ, ਉਸ ਆਗੂ ਨੂੰ ਭਰੋਸੇ ’ਚ ਹੀ ਨਾ ਲਿਆ ਜਾਵੇ ਸਗੋਂ ਸ਼ਬਦਾਵਲੀ ਤੇ ਬਿਆਨ ’ਚ ਵਰਤੀ ਗਈ ਭਾਸ਼ਾ ਦੀ ਪ੍ਰਵਾਨਗੀ ਵੀ ਲਈ ਜਾਵੇ।