ਇੱਕ ਵਿਅਕਤੀ ਨੇ ਆਪਣੇ ਕੁੱਤੇ ਨੂੰ ਸਬਕ ਸਿਖਾਉਣ ਲਈ ਸੜਕ 'ਤੇ ਘੜੀਸ ਤਾਂ ਲਿਆ ਪਰ ਉਸ ਨਾਲ ਜੋ ਹੋਇਆ, ਉਸ ਨੇ ਉਸ ਦੀ ਹਾਏ ਤੌਬਾ ਕਰਵਾ ਦਿੱਤੀ। ਉਸ ਦੇ ਅਜਿਹੀ ਹਰਕਤ ਕਰਨ 'ਤੇ ਉਸ ਨੂੰ ਜੁਰਮਾਨਾ ਅਦਾ ਕਰਨਾ ਪਿਆ। ਗੋਰਲਸਟੋਨ ਦੇ ਵਾਸੀ 46 ਸਾਲਾ ਰੌਬਰਟ ਲੂੰਬੇ ਨਾਂ ਦਾ ਵਿਅਕਤੀ ਆਪਣੇ ਕਤੂਰੇ ਨੂੰ ਸੜਕ 'ਤੇ ਘੜੀਸਦਾ ਹੋਇਆ ਲਿਜਾ ਰਿਹਾ ਸੀ ਅਤੇ ਕਿਸੇ ਨੇ ਉਸ ਦੀ ਵੀਡੀਓ ਬਣਾ ਕੇ ਪੁਲਿਸ ਨੂੰ ਭੇਜ ਦਿੱਤੀ। ਪੁਲਿਸ ਨੇ ਵੀਡੀਓ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਲੂੰਬੇ 'ਤੇ ਜਾਨਵਰਾਂ ਨੂੰ ਬੇਲੋੜੀ ਤਕਲੀਫ ਦੇਣ ਦੇ ਦੋਸ਼ ਵਿੱਚ ਕਾਰਵਾਈ ਕਰ ਦਿੱਤੀ। ਲੂੰਬੇ ਨੇ ਆਪਣੇ ਸਿਰਫ਼ 4 ਹਫ਼ਤਿਆਂ ਦੇ ਕਤੂਰੇ 'ਫੈੱਟੀ' ਨੂੰ ਸੜਕ 'ਤੇ ਉਦੋਂ ਘੜੀਸ ਲਿਆ ਸੀ ਜਦੋਂ ਉਹ ਆਪਣੇ ਹੋਰਨਾਂ ਕੁੱਤਿਆਂ ਨੂੰ ਸੈਰ 'ਤੇ ਲੈ ਕੇ ਆਇਆ ਸੀ। ਸ਼ਾਇਦ ਇਹ ਛੋਟਾ ਕੁੱਤਾ ਥੱਕ ਚੁੱਕਿਆ ਸੀ ਤੇ ਹੋਰ ਤੁਰ ਨਹੀਂ ਸੀ ਸਕਦਾ ਪਰ ਉਸ ਦੇ ਮਾਲਿਕ ਨੇ ਉਸ ਨਾਲ ਜ਼ਬਰਦਸਤੀ ਕੀਤੀ। ਪੁਲਿਸ ਦੀ ਕਾਰਵਾਈ ਤੋਂ ਬਾਅਦ ਫੈੱਟੀ ਨੂੰ ਜਾਨਵਰ ਬਚਾਓ ਚੈਰਿਟੀ ਦੀ ਦੇਖਰੇਖ ਵਿੱਚ ਰੱਖਿਆ ਗਿਆ ਹੈ। ਉਸ ਨੂੰ ਛੇਤੀ ਹੀ ਘਰ ਭੇਜਿਆ ਜਾਵੇਗਾ। ਉਸ ਦੇ ਮਾਲਿਕ ਲੂੰਬੇ ਨੂੰ ਨੌਰਵਿੱਚ ਮੈਜਿਸਟ੍ਰੇਟ ਦੀ ਅਦਾਲਤ ਵਿੱਚ 300 ਪੌਂਡ ਜੁਰਮਾਨੇ ਵਜੋਂ ਭਰਨ ਦੇ ਹੁਕਮ ਹੋਏ ਹਨ।