ਚੰਡੀਗੜ੍ਹ: 400 ਰੁਪਏ ਤੇ ਇੱਕ ਮੋਬਾਈਲ ਦੀ ਡਕੈਤੀ ਦੇ ਮਾਮਲੇ ’ਚ ਜ਼ਿਲ੍ਹਾ ਅਦਾਲਤ ਨੇ ਸਖ਼ਤੀ ਦਿਖਾਉਂਦਿਆਂ ਦੋਸ਼ੀ ਨੂੰ 7 ਸਾਲਾਂ ਲਈ ਜੇਲ੍ਹ ਭੇਜ ਦਿੱਤਾ। ਐਡੀਸ਼ਨਲ ਡਿਸਟਰਿਕਟ ਐਂਡ ਸੈਸ਼ੰਸ ਜੱਜ ਸੰਜੀਵ ਜੋਸ਼ੀ ਦੀ ਅਦਾਲਤ ਨੇ ਡਕੈਤੀ ਦੇ ਮਾਮਲੇ ਵਿੱਚ ਬਾਪੂਧਾਮ ਦੇ ਸੁਨੀਲ ਕੁਮਾਰ ਨੂੰ ਆਈਪੀਸੀ ਦੀ ਧਾਰਾ 397 (ਡਕੈਤੀ) ਦੇ ਤਹਿਤ ਦੋਸ਼ੀ ਕਰਾਰ ਦਿੰਦਿਆਂ 7 ਸਾਲ ਦੀ ਸਜ਼ਾ ਸੁਣਾਈ। ਪੁਲਿਸ ਨੇ ਸ਼ਾਸਤਰੀ ਨਗਰ, ਮਨੀਮਾਜਰਾ ਦੇ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਸ਼ਿਕਾਇਤ ਮੁਤਾਬਕ 8 ਜਨਵਰੀ, 2018 ਨੂੰ ਦੇਰ ਰਾਤ ਕਰੀਬ ਇੱਕ ਵਜੇ ਦਵਿੰਦਰ ਆਪਣੇ ਭਰਾ ਕਪਿਲ ਨਾਲ ਆਟੋ ਰਿਕਸ਼ਾ ਤੋਂ ਘਰ ਜਾ ਰਿਹਾ ਸੀ। ਜਦੋਂ ਉਹ ਬਾਪੂਧਾਮ ਤੋਂ ਅੱਗੇ ਜਾਣ ਲੱਗੇ ਤਾਂ ਮਨੀਮਾਜਰਾ ਵੱਲੋਂ ਉਨ੍ਹਾਂ ਨੂੰ ਦੋ ਲੜਕੇ ਖੜੇ ਦਿਖਾਈ ਦਿੱਤੇ ਤੇ ਹੱਥ ਦੇ ਕੇ ਆਟੋ ਰੁਕਵਾ ਲਿਆ। ਦਵਿੰਦਰ ਨੇ ਆਟੋ ਰੋਕ ਲਿਆ ਪਰ ਜਿਵੇਂ ਹੀ ਦੋਵੇਂ ਆਟੋ ਵਿੱਚ ਦਾਖਲ ਹੋਏ, ਇੱਕ ਨੇ ਚਾਕੂ ਕੱਢਿਆ ਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਦੋਵਾਂ ਮੁੰਡਿਆਂ ਨੇ ਕਿਹਾ ਕਿ ਜੋ ਵੀ ਹੈ ਕੱਢ ਦਿਓ। ਇੱਕ ਮੁੰਡੇ ਨੇ ਜ਼ਬਰਦਸਤੀ ਦਵਿੰਦਰ ਦੀ ਜੇਬ੍ਹ ਵਿੱਚੋਂ ਉਸਦਾ ਪਰਸ ਕੱਢਿਆ ਤੇ ਉਸ ਵਿੱਚ ਪਏ 400 ਰੁਪਏ ਕੱਢ ਲਏ। ਇਸ ਤੋਂ ਇਲਾਵਾ ਉਨ੍ਹਾਂ ਦਵਿੰਦਰ ਦੇ ਭਰਾ ਕਪਿਲ ਦਾ ਮੋਬਾਈਲ ਵੀ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਪਿੱਛੋਂ ਦਵਿੰਦਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਦੋਵਾਂ ਮੁੰਡਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੁਲਿਸ ਜਾਂਚ ਪਿੱਛੋਂ ਸੁਨੀਲ ਕੁਮਾਰ ਤੇ ਇੱਕ ਨਾਬਾਲਗ ਤੋਂ ਲੁੱਟਿਆ ਪਰਸ ਬਰਾਮਦ ਹੋਇਆ। ਸ਼ੁਰੂਆਤ ਵਿੱਚ ਪੁਲਿਸ ਨੇ ਦੋਵਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 392 ਤੇ 34 ਤਹਿਤ ਕੇਸ ਦਰਜ ਕੀਤਾ ਸੀ। ਨਾਬਾਲਗ ਮੁੰਡੇ ਦੀ ਕੇਸ ਜੁਵੇਨਾਈਲ ਅਦਾਲਤ ਵਿੱਚ ਚੱਲ ਰਿਹਾ ਹੈ। ਕੋਈ ਵੀ ਜਾਨਵੇਲਾ ਹਥਿਆਰ ਦਿਖਾ ਕੇ ਡਕੈਤੀ ਕਰਨ ਦੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 397 ਲਾਈ ਜਾਂਦੀ ਹੈ। ਇਸ ਕੇਸ ਵਿੱਚ ਵੀ ਸੁਨੀਲ ਨੂੰ ਧਾਰਾ 397 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਧਾਰਾ ਤਹਿਤ ਘੱਟੋ-ਘੱਟ ਸਜ਼ਾ ਹੀ ਸੱਤ ਸਾਲਾਂ ਦੀ ਜੇਲ੍ਹ ਹੈ। ਇਸਤੋਂ ਘੱਟ ਸਜ਼ਾ ਦਾ ਪ੍ਰਬੰਧ ਹੀ ਨਹੀਂ ਹੈ। ਇਸੇ ਲਈ ਦੋਸ਼ੀ ਸੁਨੀਲ ਨੂੰ ਏਨੀ ਸਜ਼ੀ ਮਿਲੀ ਹੈ।