ਪਰਵੇਜ਼ ਸੰਧੂ ਨਵੀਂ ਦਿੱਲੀ: ਯੂ.ਐਸ. ਓਪਨ ਗਰੈਂਡ ਸਲੈਮ ਦਾ ਖਿਤਾਬੀ ਮੁਕਾਬਲਾ, ਟੈਨਿਸ ਇਤਿਹਾਸ ਦੇ ਸਭ ਤੋਂ ਵਿਵਾਦ-ਭਰਪੂਰ ਗਰੈਂਡ ਸਲੈਮ ਟੈਨਿਸ ਫਾਈਨਲ ਵਜੋਂ ਯਾਦ ਰੱਖਿਆ ਜਾਵੇਗਾ। ਕਿਸੇ ਵੀ ਗਰੈਂਡ ਸਲੈਮ ਖਿਤਾਬੀ ਟੱਕਰ ਦੀ ਤਰ੍ਹਾਂ, ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ ਜਾਪਾਨ ਦੀ ਨਾਓਮੀ ਓਕਾਸਾ ਦੀ ਖਿਤਾਬੀ ਟੱਕਰ ਵੀ ਰੋਮਾਂਚ ਨਾਲ ਭਰਪੂਰ ਰਹਿਣ ਦੀ ਆਸ ਸੀ। ਪਰ ਇਸ ਫਾਈਨਲ ਮੁਕਾਬਲੇ ਵਿਚ ਓਹ ਸਭ ਵੀ ਹੋ ਗਿਆ, ਜਿਸਦੀ ਆਸ ਨਹੀਂ ਸੀ। ਜਾਪਾਨ ਦੀ ਪਹਿਲੀ ਗਰੈਂਡ ਸਲੈਮ ਜੇਤੂ ਖਿਡਾਰਨ ਨਾਓਮੀ ਓਸਾਕਾ ਗਰੈਂਡ ਸਲੈਮ ਸਿੰਗਲ ਖਿਤਾਬ ਜਿੱਤਣ ਵਾਲੀ ਪਹਿਲੀ ਜਾਪਾਨੀ ਖਿਡਾਰਨ ਬਣ ਗਈ ਹੈ। ਯੂ.ਐਸ. ਓਪਨ ਫਾਈਨਲ 'ਚ ਓਸਾਕਾ ਨੇ ਆਪਣੀ ਹੀ ਆਦਰਸ਼, ਸੇਰੇਨਾ ਵਿਲੀਅਮਸ ਨੂੰ ਮਾਤ ਦਿੱਤੀ।
ਸੇਰੇਨਾ ਨੇ ਅੰਪਾਇਰ 'ਤੇ ਕੱਢਿਆ ਗੁੱਸਾ ਸੇਰੇਨਾ ਵਿਲੀਅਮਸ ਨੇ ਚੇਅਰ ਅੰਪਾਇਰ ਨੂੰ ਗੁੱਸੇ 'ਚ 'Thief" ਯਾਨੀ ਕਿ 'ਚੋਰ' ਕਰਾਰ ਦੇ ਦਿੱਤਾ। ਇਸਦੇ ਚਲਦੇ ਮੁਕਾਬਲੇ ਵਿਚ ਅੰਪਾਇਰ ਨੇ ਦਖਲ ਦਿੱਤੀ, ਤੇ ਸੇਰੇਨਾ ਨੂੰ ਪੈਨਲਟੀ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਤਾਂ ਸੇਰੇਨਾ ਨੂੰ ਦੂਜੇ ਸੈੱਟ 'ਚ ਅੰਪਾਇਰ ਕਾਰਲੋਸ ਰਾਮੋਸ ਨੇ ਬਾਕਸ ਤੋਂ ਕੋਚਿੰਗ ਲੈਣ ਦੇ ਕਾਰਨ ਚਿਤਾਵਨੀ ਦਿੱਤੀ। ਕੁਝ ਹੀ ਦੇਰ ਬਾਅਦ ਰੈਕੇਟ ਨੂੰ ਪਟਕਣ ਕਾਰਨ ਫਾਊਲ 'ਤੇ ਸੇਰੇਨਾ ਨੂੰ ਜਦੋਂ ਦੂਜੀ ਵਾਰ, ਨਿਯਮਾਂ ਦੀ ਉਲੰਘਣਾ ਦੀ ਚਿਤਾਵਨੀ ਦਿੱਤੀ ਗਈ, ਅਤੇ ਇਕ ਅੰਕ ਦੀ ਪੈਨਲਟੀ ਦਿੱਤੀ ਤਾਂ ਅਮਰੀਕੀ ਖਿਡਾਰਨ ਗੁੱਸੇ ਨਾਲ ਭੜਕ ਗਈ। ਸੇਰੇਨਾ ਦੀ ਟਿੱਪਣੀ ਤੇ ਲੱਗੀ ਪੈਨਲਟੀ ਭਾਵੁਕ ਹੋਈ ਸੇਰੇਨਾ ਨੇ ਰੋਂਦੇ ਹੋਏ, ਅੰਪਾਇਰ ਨੂੰ 'ਚੋਰ' ਕਰਾਰ ਦਿੱਤਾ ਅਤੇ ਗੁੱਸੇ 'ਚ ਇਸ ਅਧਿਕਾਰੀ ਨੂੰ ਮੁਆਫੀ ਮੰਗਣ ਨੂੰ ਕਿਹਾ। ਸੇਰੇਨਾ ਨੇ ਕਿਹਾ, ਕਿ ਉਸਦੇ ਚਰਿੱਤਰ 'ਤੇ ਹਮਲਾ ਕੀਤਾ ਜਾ ਰਿਹਾ ਹੈ। ਅੰਪਾਇਰ ਨੇ ਸੇਰੇਨਾ ਦੇ ਵਿਹਾਰ ਕਾਰਨ, ਅੰਪਾਇਰ ਜ਼ਾਬਤੇ ਦੀ ਤੀਜੀ ਉਲੰਘਣਾ ਕਰਨ ਦੇ ਲਈ ਇਕ ਗੇਮ ਦੀ ਪੈਨਲਟੀ ਦਿੱਤੀ, ਜਿਸ ਨਾਲ ਓਸਾਕਾ ਦੂਜੇ ਸੈੱਟ 'ਚ 5-3 ਨਾਲ ਅੱਗੇ ਹੋ ਗਈ, ਅਤੇ ਜਿੱਤ ਤੋਂ ਸਿਰਫ ਇੱਕ ਗੇਮ ਦੂਰ ਰਹਿ ਗਈ। ਸੇਰੇਨਾ ਨੇ ਅਗਲਾ ਗੇਮ ਤਾਂ ਜਿੱਤਿਆ, ਪਰ ਓਸਾਕਾ ਨੇ ਆਪਣੀ ਸਰਵਿਸ ਬਚਾ ਕੇ ਆਪਣੇ ਦੇਸ਼ ਲਈ ਇਤਿਹਾਸਕ ਜਿੱਤ ਦਰਜ ਕੀਤੀ। 20 ਸਾਲਾ ਓਸਾਕਾ ਨੇ ਖਿਤਾਬੀ ਮੁਕਾਬਲੇ 'ਚ 6-2, 6-4 ਨਾਲ ਜਿੱਤ ਦਰਜ ਕੀਤੀ।
ਮੀਡੀਆ ਸਾਹਮਣੇ ਵੀ ਭਾਵੁਕ ਹੋਈ ਸੇਰੇਨਾ ਪਰ ਸੇਰੇਨਾ ਵਿਲੀਅਮਸ ਨੇ ਇਸ ਹਾਰ ਤੋਂ ਬਾਅਦ, ਪ੍ਰੈਸ ਕਾਨਫਰੰਸ ਦੌਰਾਨ ਵੀ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਭਾਵੁਕ ਅੰਦਾਜ ਵਿਚ ਕਿਹਾ ਕਿ, ਮੈਦਾਨ ਤੇ ਬਹੁਤ ਕੁਝ ਹੁੰਦਾ ਹੈ, ਅਤੇ ਬਹੁਤ ਵਾਰ ਖਿਡਾਰੀ ਜਜ਼ਬਾਤੀ ਹੋਕੇ ਕੁਝ ਕਹਿ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਪਰ ਅੰਪਾਇਰ ਨੇ ਜਿਸ ਤਰੀਕੇ ਨਾਲ ਉਨ੍ਹਾਂ ਤੇ ਪੈਨਲਟੀ ਲਗਾਈ ਅਜਿਹਾ ਆਮ ਤੌਰ ਤੇ ਨਹੀਂ ਵੇਖਿਆ ਜਾਂਦਾ। ਸੇਰੇਨਾ ਦੇ ਹੱਕ 'ਚ ਨਿੱਤਰੇ ਖਿਡਾਰੀ ਇੱਕ ਖਾਸ ਗੱਲ ਇਹ ਹੈ ਕਿ, ਸੇਰੇਨਾ ਵਿਲੀਅਮਸ ਦੇ ਹੱਕ ਵਿਚ ਵੱਡੀ ਗਿਣਤੀ ਵਿਚ ਖੇਡ ਦਿੱਗਜਾਂ ਨੇ ਟਵੀਟ ਕੀਤੇ ਹਨ। ਟੈਨਿਸ ਦੀ ਖੇਡ ਨਾਲ ਸੰਬੰਧਤ ਕਈ ਖੇਡ ਦਿੱਗਜਾਂ ਨੇ ਸੇਰੇਨਾ ਤੇ ਲੱਗੀ ਪੈਨਲਟੀ ਤੇ ਹੈਰਾਨੀ ਜਾਹਿਰ ਕੀਤੀ। ਟੈਨਿਸ ਖਿਡਾਰਨ ਵਿਕਟੋਰੀਆ ਐਜਾਰੈਂਕਾ ਨੇ ਤਾਂ ਆਪਣੇ ਟਵੀਟ ਵਿਚ ਇਥੇ ਤਕ ਕਹਿ ਦਿੱਤਾ ਕਿ ਜੇਕਰ ਇਹ ਪੁਰਸ਼ਾਂ ਦਾ ਮੁਕਾਬਲਾ ਹੁੰਦਾ ਤਾਂ ਅੰਪਾਇਰ ਨੇ ਅਜਿਹਾ ਕਦੀ ਨਹੀਂ ਕਰਨਾ ਸੀ। ਐਨਾ ਇਵਨੋਵਿਕ ਅਤੇ ਕ੍ਰਿਸਟੀਨਾ ਮਲੈਡੈਨੋਵਿਕ ਨੇ ਵੀ ਸੇਰੇਨਾ ਦੀ ਪ੍ਰਸ਼ੰਸਾ ਕੀਤੀ, ਅਤੇ ਅੰਪਾਇਰ ਦੇ ਫੈਸਲੇ ਤੇ ਹੈਰਾਨੀ ਪ੍ਰਗਟਾਈ। ਯੂ.ਐਸ. ਓਪਨ ਗਰੈਂਡ ਸਲੈਮ ਦਾ ਫਾਈਨਲ ਮੁਕਾਬਲਾ, ਸੇਰੇਨਾ ਤੇ ਓਸਾਕਾ ਦੀ ਖੇਡ ਤੋਂ ਵਧੇਰੇ, ਅੰਪਾਇਰ ਦੇ ਫੈਸਲਿਆਂ ਕਾਰਨ ਚਰਚਾ ਦਾ ਕੇਂਦਰ ਬਣ ਗਿਆ।