ਕੋਲਕਾਤਾ: ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਲੋਕ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਪੱਛਮੀ ਬੰਗਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਆਪਣੀ ਵਹੁਟੀ ਨੂੰ ਲੈਣ ਰੋਡ ਰੋਲਰ 'ਤੇ ਪਹੁੰਚਿਆ। ਨੌਜਵਾਨ ਦੀ ਇਸ ਹਰਕਤ 'ਤੇ ਸਾਰੇ ਮਹਿਮਾਨ ਬੇਹੱਦ ਹੈਰਾਨ ਹੋਏ।
ਨਾਦੀਆ ਜ਼ਿਲ੍ਹੇ ਦੇ 30 ਸਾਲਾ ਨੌਜਵਾਨ ਆਰਕਾ ਪਾਤਰਾ ਨੇ ਦੱਸਿਆ ਕਿ ਉਹ ਆਪਣੇ ਵਿਆਹ ਨੂੰ ਯਾਦਗਾਰ ਤੇ ਅਨੋਖਾ ਬਣਾਉਣਾ ਚਾਹੁੰਦਾ ਸੀ। ਉਸ ਨੇ ਦੱਸਿਆ ਕਿ ਪਹਿਲਾਂ ਵਿੰਟੇਜ ਕਾਰ 'ਤੇ ਜਾਣ ਬਾਰੇ ਸੋਚਿਆ ਸੀ, ਪਰ ਉਸ ਵਿੱਚ ਕੁਝ ਵੱਖਰਾ ਨਹੀਂ ਸੀ ਹੋਣਾ। ਫਿਰ ਉਸ ਦੇ ਦਿਮਾਗ 'ਚ ਆਇਆ ਕਿ ਕੋਈ ਅਰਥ ਮੂਵਿੰਗ ਵ੍ਹੀਕਲ 'ਤੇ ਬਰਾਤ ਲੈਕੇ ਆਇਆ ਸੀ ਤਾਂ ਉੱਥੋਂ ਰੋਡ ਰੋਲਰ 'ਤੇ ਜੰਞ ਲਿਜਾਣ ਦੀ ਸੁੱਝੀ। ਪਾਤਰਾ ਮੁਤਾਬਕ ਉਸ ਤੋਂ ਪਹਿਲਾਂ ਰੋਡ ਰੋਲਰ ਨੂੰ ਬਰਾਤ ਲਈ ਕਿਸੇ ਨੇ ਨਹੀਂ ਵਰਤਿਆ। ਇਸ ਲਈ ਪਹਿਲਾਂ ਉਸ ਨੇ ਆਪਣੀ ਪਤਨੀ ਅਰੁੰਧਤੀ ਤੋਂ ਸਹਿਮਤੀ ਲਈ ਅਤੇ ਆਪਣੇ ਆਈਡਿਆ ਨੂੰ ਅਮਲੀ ਜਾਮਾ ਪਹਿਨਾਇਆ। ਪਾਤਰਾ ਇਸ ਕਾਰਨਾਮੇ ਨਾਲ ਕਾਫੀ ਮਸ਼ਹੂਰ ਵੀ ਹੋ ਗਿਆ ਹੈ।