ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲਿਆਂ ਵਿੱਚ ਹੁਣ ਕਈ ਵੱਡੀਆਂ ਹਸਤੀਆਂ ਤੋਂ ਪੁੱਛਗਿੱਛ ਹੋ ਸਕਦੀ ਹੈ। ਇਸ ਦੇ ਨਾਲ ਹੀ ਕਈ ਹੋਰ ਸੀਨੀਅਰ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਤੋਂ ਪੁੱਛਗਿੱਛ ਹੋ ਸਕਦੀ ਹੈ। ਇਨ੍ਹਾਂ ਵਿੱਚੋਂ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਪਹਿਲਾਂ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੈ।


ਸੂਤਰਾਂ ਮੁਤਾਬਕ ਅਗਲੇ ਦਿਨਾਂ ਵਿੱਚ ਸ਼੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਹੋ ਸਕਦੀ ਹੈ। ਸਿੱਟ ਰਾਮ ਰਹੀਮ ਨੂੰ ਜੇਲ੍ਹ ਵਿੱਚ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸਕਦੀ ਹੈ ਜਾਂ ਫਿਰ ਜੇਲ੍ਹ ਵਿੱਚ ਹੀ ਪੁੱਛਗਿੱਛ ਕਰ ਸਕਦੀ ਹੈ। ਡੇਰਾ ਮੁਖੀ ਇਸ ਵੇਲੇ ਹਰਿਆਣਾ ਦੀ ਸਨਾਰੀਆ ਜੇਲ੍ਹ ਵਿੱਚ ਕੈਦ ਹੈ।

ਯਾਦ ਰਹੇ ਇਸ ਮਾਮਲੇ ਦੇ ਤਾਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦੇਣ ਨਾਲ ਜੁੜ ਗਏ ਹਨ। ਇਸ ਲਈ ਹੀ ਸਿੱਟ ਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਸੀ। ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਤੋਂ ਵੀ ਸਿੱਟ ਪੁੱਛਗਿੱਛ ਕਰ ਚੁੱਕੀ ਸੀ।

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਵਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹੋਰ ਲੀਡਰਾਂ ਨੇ ਗਿਆਨੀ ਗੁਰਬਚਨ ਸਿੰਘ ਤੇ ਹੋਰ ਜਥੇਦਾਰ ਸਹਿਬਾਨ 'ਤੇ ਦਬਾਅ ਬਣਾਇਆ ਸੀ। ਇਸ ਕਰਕੇ ਸਿੱਖ ਸੰਗਤਾਂ ਵਿੱਚ ਰੋਸ ਸੀ।

ਰਿਪੋਰਟ ਵਿੱਚ ਇਹ ਵੀ ਸ਼ੱਕ ਜਤਾਇਆ ਗਿਆ ਸੀ ਕਿ ਡੇਰਾ ਮੁਖੀ ਨਾਲ ਅਕਾਲੀ ਲੀਡਰਾਂ ਦੀ ਨੇੜਤਾ ਕਰਕੇ ਬਾਦਲ ਸਰਕਾਰ ਨੇ ਬੇਅਦਬੀ ਮਾਮਲਿਆਂ 'ਤੇ ਵੇਲੇ ਸਿਰ ਕਾਰਵਾਈ ਨਹੀਂ ਕੀਤੀ ਸੀ। ਇਸ ਕਰਕੇ ਸਿੱਖ ਸੰਗਤਾਂ ਵਿੱਚ ਰੋਸ ਵਧਦਾ ਗਿਆ।