ਨਵੀਂ ਦਿੱਲੀ: ਸਾਬਕਾ ਕਾਂਗਰਸੀ ਲੀਡਰ ਤੇ ਦਿੱਲੀ ਵਿੱਚ ਪੰਜ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ 1984 ਕਤਲੋਗਾਰਤ ਦੇ ਇੱਕ ਹੋਰ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਬੀਤੀ 22 ਜਨਵਰੀ ਨੂੰ ਸੱਜਣ ਕੁਮਾਰ ਲਈ ਪੇਸ਼ਗੀ ਵਾਰੰਟ ਜਾਰੀ ਕੀਤੇ ਸੀ, ਜਿਸ 'ਤੇ ਅੱਜ ਉਸ ਨੂੰ ਮੰਡੋਲੀ ਜੇਲ੍ਹ ਵਿੱਚੋਂ ਸਖ਼ਤ ਸੁਰੱਖਿਆ ਹੇਠ ਪੇਸ਼ ਕੀਤਾ ਗਿਆ।

ਸੱਜਣ ਨੂੰ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿੱਚ ਸੁਰਜੀਤ ਸਿੰਘ ਕਤਲ ਮਾਮਲੇ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਉਸ ਤੋਂ ਇਲਾਵਾ ਬ੍ਰਹਮਾਨੰਦ ਗੁਪਤਾ ਤੇ ਵੇਦ ਪ੍ਰਕਾਸ਼ ਵੀ ਮੁਲਜ਼ਮ ਹਨ। ਇਸ ਮਾਮਲੇ ਵਿੱਚ ਚਾਮ ਕੌਰ ਪਹਿਲਾਂ ਹੀ ਸੱਜਣ ਕੁਮਾਰ ਦੀ ਸ਼ਨਾਖ਼ਤ ਕਰ ਚੁੱਕੀ ਹੈ। ਇਹ ਸ਼ਨਾਖ਼ਤ ਉਦੋਂ ਕੀਤੀ ਗਈ ਸੀ, ਜਦ ਸੱਜਣ ਕੁਮਾਰ ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ਇਲਾਕੇ ਵਿੱਚ ਪੰਜ ਸਿੱਖਾਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਨਹੀਂ ਸੀ ਪਾਇਆ ਗਿਆ।

ਚਾਮ ਕੌਰ ਦੇ ਵਕੀਲ ਐਚ.ਐਸ. ਫੂਲਕਾ ਨੇ ਦੱਸਿਆ ਕਿ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਚਾਰ ਫ਼ਰਵਰੀ ਨੂੰ ਤੈਅ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦਿਨ ਵੀ ਕ੍ਰਾਸ ਐਗ਼ਜ਼ਾਮੀਨੇਸ਼ਨ ਜਾਰੀ ਰਹਿਣਗੇ, ਹੋ ਸਕਦਾ ਹੈ ਕਿ ਸੱਜਣ ਕੁਮਾਰ ਨੂੰ ਉਸ ਦਿਨ ਨਾ ਪੇਸ਼ ਕੀਤਾ ਜਾਵੇ। 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਅੰਗਰੱਖਿਅਕਾਂ ਵੱਲੋਂ ਕਤਲ ਕੀਤੇ ਜਾਣ ਤੋਂ ਬਾਅਦ ਸਿੱਖਾਂ ਵਿਰੁੱਧ ਦੇਸ਼ ਵਿਆਪੀ ਹਿੰਸਾ ਸ਼ੁਰੂ ਹੋ ਗਈ ਸੀ, ਜਿਸ ਵਿੱਚ ਸੁਲਤਾਨਪੁਰੀ ਦਾ ਸੁਰਜੀਤ ਸਿੰਘ ਵੀ ਮਾਰਿਆ ਗਿਆ ਸੀ।