ਨਵੀਂ ਦਿੱਲੀ: ਇੱਥੋਂ ਦੇ ਵਿਜੇ ਵਿਹਾਰ ਇਲਾਕੇ ਵਿੱਚ ਵਿਆਹੁਤਾ ਔਰਤ ਨਾਲ ਵਿਆਹ ਕਰਵਾਉਣ ਦੇ ਅਤਿ ਇਛੁੱਕ ਵਿਅਕਤੀ ਨੂੰ ਹੁਣ ਜੇਲ੍ਹ ਦੀ ਰੋਟੀ ਖਾਣੀ ਪੈ ਸਕਦੀ ਹੈ। ਇੱਕ ਪਾਸੜ ਪਿਆਰ ਕਰਨ ਵਾਲੇ ਵਿਅਕਤੀ ਨੇ ਮਹਿਲਾ ਦੀ ਨੌਂ ਸਾਲਾਂ ਦੀ ਧੀ ਨੂੰ ਅਗਵਾ ਕਰਕੇ ਵਿਆਹ ਦਾ ਦਬਾਅ ਬਣਾਉਣਾ ਚਾਹਿਆ ਸੀ, ਪਰ ਉਹ ਥਾਣੇ ਪਹੁੰਚ ਗਿਆ। ਮੁਲਜ਼ਮ ਦੀ ਪਛਾਣ ਕਮਲੇਸ਼ ਵਜੋਂ ਹੋਈ ਹੈ। ਦਿੱਲੀ ਦੇ ਰੋਹਿਣੀ ਇਲਾਕੇ ਦੇ ਪੁਲਿਸ ਕਮਿਸ਼ਨਰ ਐਸਡੀ ਮਿਸ਼ਰਾ ਨੇ ਦੱਸਿਆ ਕਿ ਬੱਚੀ ਆਪਣੇ ਦੋ ਭਰਾਵਾਂ ਤੇ ਮਾਂ ਨਾਲ ਵਿਜੇ ਵਿਹਾਰ ਇਲਾਕੇ ਵਿੱਚ ਰਹਿੰਦੀ ਹੈ। ਬੀਤੇ ਐਤਵਾਰ ਦੁਪਹਿਰ ਸਮੇਂ ਉਹ ਕੁਝ ਸਾਮਾਨ ਖਰੀਦਣ ਗਈ ਤਾਂ ਘਰ ਵਾਪਸ ਨਹੀਂ ਪਰਤੀ। ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਸੀਸੀਟੀਵੀ ਜਾਂਚੇ ਤਾਂ ਪਤਾ ਲੱਗਾ ਕਿ ਉਸ ਨੂੰ ਅਗ਼ਵਾਕਾਰ ਆਪਣੇ ਨਾਲ ਲਿਜਾ ਰਿਹਾ ਹੈ।  ਪੁਲਿਸ ਨੇ ਅੱਗੇ ਖੋਜ ਕੀਤੀ ਤਾਂ ਪਤਾ ਲੱਗਾ ਕਿ ਕਮਲੇਸ਼ ਨੇ ਹੀ ਬੱਚੀ ਨੂੰ ਅਗਵਾ ਕੀਤਾ ਹੈ ਤੇ ਉਸ ਨੂੰ ਆਪਣੇ ਪਿੰਡ ਮਹੋਬਾ ਵੱਲ ਜਾਣ ਲਈ ਟਰੇਨ ਵਿੱਚ ਬੈਠ ਗਿਆ। ਪੁਲਿਸ ਨੇ ਇਸ ਦੀ ਸੂਚਨਾ ਜੀਆਰਪੀ ਨੂੰ ਦਿੱਤੀ ਤੇ ਉਨ੍ਹਾਂ ਮਹੋਬਾ ਰੇਲਵੇ ਸਟੇਸ਼ਨ 'ਤੇ ਕਮਲੇਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਵਿੱਚ ਕਮਲੇਸ਼ ਨੇ ਪੁਲਿਸ ਨੂੰ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਬੱਚੀ ਦੀ ਮਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਉਸ ਨੇ ਮੋਬਾਈਲ ਮੰਬਰ ਦੀ ਮਦਦ ਨਾਲ ਉਸ ਦਾ ਪਤਾ ਲਾ ਲਿਆ। ਕਮਲੇਸ਼ ਨੇ ਦੱਸਿਆ ਕਿ ਉਹ ਬੱਚੀ ਨੂੰ ਅਗਵਾ ਕਰਕੇ ਉਸ ਦੀ ਮਾਂ ਨੂੰ ਉਸ ਨਾਲ ਵਿਆਹ ਕਰਨ ਲਈ ਮਜਬੂਰ ਕਰਨਾ ਚਾਹੁੰਦਾ ਸੀ।