Trending Train Video: ਸੋਸ਼ਲ ਮੀਡੀਆ 'ਤੇ ਕਈ ਅਜਿਹੇ ਵੀਡੀਓਜ਼ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਅੱਖਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇੱਕ ਹੈਰਾਨ ਕਰਨ ਵਾਲਾ ਵੀਡੀਓ ਆਨਲਾਈਨ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਦੇ ਬਾਵਜੂਦ ਹੈਰਾਨੀਜਨਕ ਢੰਗ ਨਾਲ ਬਚ ਗਿਆ। ਤੁਸੀਂ ਇੱਕ ਕਹਾਵਤ ਜ਼ਰੂਰ ਸੁਣੀ ਹੋਵੇਗੀ, "ਜਾਕੋ ਰਾਖੇ ਸਾਈਆਂ ਮਾਰ ਕੇ ਨਾ ਕੋਇ"। ਅਜਿਹਾ ਹੀ ਕੁਝ ਉੱਤਰ ਪ੍ਰਦੇਸ਼ ਦੇ ਇੱਕ ਵਿਅਕਤੀ ਨਾਲ ਵੀ ਹੋਇਆ।


ਵਾਇਰਲ ਵੀਡੀਓ ਇਟਾਵਾ ਜ਼ਿਲ੍ਹੇ ਦੇ ਭਰਥਾਨਾ ਰੇਲਵੇ ਸਟੇਸ਼ਨ ਦਾ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਇੱਕ ਵਿਅਕਤੀ ਦੇ ਉੱਪਰੋਂ ਲੰਘਣ ਦੇ ਬਾਵਜੂਦ ਉਹ ਵਾਲ-ਵਾਲ ਬਚ ਗਿਆ। ਵੀਡੀਓ 'ਚ ਇੱਕ ਤੇਜ਼ ਰਫਤਾਰ ਟਰੇਨ ਨੂੰ ਸਟੇਸ਼ਨ ਤੋਂ ਲੰਘਦੇ ਦੇਖਿਆ ਜਾ ਸਕਦਾ ਹੈ। ਪਲੇਟਫਾਰਮ ਅਤੇ ਸਟੇਸ਼ਨ ਦੇ ਵਿਚਕਾਰ ਤੋਂ ਲੰਘ ਰਹੀ ਰੇਲਗੱਡੀ ਦੀ ਪਟੜੀ 'ਤੇ ਇੱਕ ਵਿਅਕਤੀ ਹਾਲੇ ਵੀ ਫਸਿਆ ਹੋਇਆ ਹੈ ਅਤੇ ਪਲੇਟਫਾਰਮ 'ਤੇ ਸਾਰੇ ਯਾਤਰੀ ਸਾਹ ਰੋਕ ਕੇ ਰੇਲਗੱਡੀ ਦੇ ਲੰਘਣ ਦੀ ਉਡੀਕ ਕਰਦੇ ਦਿਖਾਈ ਦੇ ਰਹੇ ਹਨ। ਰੇਲਗੱਡੀ ਦੇ ਲੰਘਣ ਤੋਂ ਬਾਅਦ ਇੱਕ ਵਿਅਕਤੀ ਪਟੜੀ ਤੋਂ ਉੱਠਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਵੇਖ ਕੇ ਆਲੇ-ਦੁਆਲੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੈ।


ਕੀ ਹੈ ਪੂਰਾ ਮਾਮਲਾ


ਦਰਅਸਲ, ਮੰਗਲਵਾਰ 6 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਭਰਥਾਨਾ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਭੀੜ ਆਗਰਾ ਸੁਪਰਫਾਸਟ ਇੰਟਰਸਿਟੀ ਐਕਸਪ੍ਰੈਸ ਦਾ ਪਲੇਟਫਾਰਮ 'ਤੇ ਇੰਤਜ਼ਾਰ ਕਰ ਰਹੀ ਸੀ। ਕੁਝ ਸਮੇਂ ਬਾਅਦ ਇੰਟਰਸਿਟੀ ਐਕਸਪ੍ਰੈਸ ਸਵੇਰੇ ਕਰੀਬ 9.45 ਵਜੇ ਪਲੇਟਫਾਰਮ ਨੰਬਰ ਦੋ 'ਤੇ ਪਹੁੰਚੀ। ਇਸੇ ਦੌਰਾਨ 30 ਸਾਲਾ ਭੋਲਾ ਸਿੰਘ ਵਾਸੀ ਪਿੰਡ ਨਸੀਰਪੁਰ ਬੋਜਾ ਬਕੇਵੜ ਰੇਲਗੱਡੀ ਰਾਹੀਂ ਸਫ਼ਰ ਕਰਨ ਆਇਆ ਸੀ ਅਤੇ ਰੇਲ ਗੱਡੀ ਦੇ ਆਉਣ ਤੋਂ ਪਹਿਲਾਂ ਹੀ ਕਾਹਲੀ ’ਚ ਰੇਲਵੇ ਟਰੈਕ ’ਤੇ ਡਿੱਗ ਗਿਆ।



ਟਰੇਨ ਨੂੰ ਨੇੜੇ ਆਉਂਦੀ ਦੇਖ ਕੇ ਭੋਲਾ ਪਲੇਟਫਾਰਮ ਦੀ ਕੰਧ ਨਾਲ ਲਿਪਟ ਕੇ ਲੇਟ ਗਿਆ ਅਤੇ ਟਰੇਨ ਉਸ ਦੇ ਉਪਰੋਂ ਲੰਘ ਗਈ। ਉਹਦੇ ਡਿੱਗਦੇ ਹੀ ਪਲੇਟਫਾਰਮ 'ਤੇ ਮੌਜੂਦ ਯਾਤਰੀਆਂ ਦੀ ਭੀੜ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੇਲਗੱਡੀ ਲੰਘਣ ਤੋਂ ਬਾਅਦ ਭੋਲਾ ਸਹੀ ਸਲਾਮਤ ਉਠਿਆ ਅਤੇ ਆਪਣਾ ਬੈਗ ਚੁੱਕ ਲਿਆ, ਜੋ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ।