Khanna News : ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਗੋਆ ਵਿਖੇ 11 ਕਰੋੜ ਰੁਪਏ ਦੀ ਲਾਗਤ ਨਾਲ ਮਿਊਜ਼ਿਅਮ ਬਣੇਗਾ। ਇਸ ਅੰਦਰ ਈਸੜੂ ਵਿਖੇ ਲੱਗਿਆ ਸ਼ਹੀਦ ਕਰਨੈਲ ਸਿੰਘ ਦੇ ਬੁੱਤ ਵਰਗਾ ਬੁੱਤ ਲੱਗੇਗਾ। ਇਸ ਸਬੰਧ ਵਿੱਚ ਸ਼ਹੀਦ ਦੇ ਜੱਦੀ ਪਿੰਡ ਦੇ ਸਰਪੰਚ ਤੇ ਬਚਪਨ ਦੇ ਦੋਸਤ ਗੋਆ ਦੇ ਰਾਜਪਾਲ ਤੇ ਮੁੱਖ ਮੰਤਰੀ ਨੂੰ ਮਿਲੇ। ਗੋਆ ਦੇ ਮੁੱਖ ਮੰਤਰੀ ਨੇ ਇਹ ਐਲਾਨ ਵੀ ਕੀਤਾ ਹੈ ਕਿ ਜੇਕਰ ਸ਼ਹੀਦ ਕਰਨੈਲ ਸਿੰਘ ਦੇ ਪਿੰਡ ਈਸੜੂ ਤੋਂ ਕੋਈ ਵੀ ਨਾਗਰਿਕ ਗੋਆ ਆਵੇਗਾ ਤਾਂ ਉਹ ਸਟੇਟ ਗੈਸਟ ਹੋਵੇਗਾ।
ਦੱਸ ਦਈਏ ਕਿ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਦੇ ਪਿੰਡ ਈਸੜੂ ਤੋਂ ਸਰਪੰਚ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਵਫ਼ਦ ਗੋਆ ਸਰਕਾਰ ਦੇ ਸੱਦੇ ’ਤੇ ਗੋਆ ਦੌਰੇ ’ਤੇ ਪਹੁੰਚਿਆ ਹੈ। ਵਫ਼ਦ ਵੱਲੋਂ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਤੇ ਰਾਜਪਾਲ ਪੀਐਸ ਸ੍ਰੀਧਰਨ ਪਿੱਲਈ ਨੂੰ ਮਿਲਿਆ। ਇਸ ਮੌਕੇ ਵਫ਼ਦ ਵੱਲੋਂ ਮੁੱਖ ਮੰਤਰੀ ਪ੍ਰਮੋਦ ਸਾਵੰਤ ਦਾ ਸ਼ਹੀਦ ਕਰਨੈਲ ਸਿੰਘ ਦੀ ਪਤਨੀ ਬੀਬੀ ਚਰਨਜੀਤ ਕੌਰ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਲਈ ਧੰਨਵਾਦ ਕੀਤਾ ਗਿਆ।
ਇਹ ਵੀ ਪੜ੍ਹੋ : CM Bhagwant Mann Birthday: ਅੱਜ ਸੀਐਮ ਭਗਵੰਤ ਮਾਨ ਦਾ ਜਨਮ ਦਿਨ, ਤਸਵੀਰ ਸਾਂਝੀ ਕਰਕੇ ਕਿਹਾ- ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਧੰਨਵਾਦ...
ਮੁੱਖ ਮੰਤਰੀ ਵੱਲੋਂ ਮੋਪਾ ਹਵਾਈ ਅੱਡੇ ਤੋਂ ਪਤਗ ਦੇਵੀ ਲਈ ਬਣ ਰਹੀ ਨਵੀਂ ਸੜਕ ਦਾ ਨਾਂ ਸ਼ਹੀਦ ਕਰਨੈਲ ਸਿੰਘ ਦੇ ਨਾਮ ’ਤੇ ਰੱਖਣ ਦਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਨੇ ਈਸੜੂ ਤੋਂ ਗੋਆ ਆਉਣ ਵਾਲੇ ਹਰ ਵਿਅਕਤੀ ਨੂੰ ਸਰਕਾਰੀ ਮਹਿਮਾਨ ਨਿਵਾਜ਼ੀ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਵਫ਼ਦ ਵੱਲੋਂ ਰਾਜਪਾਲ ਸ੍ਰੀਧਰਨ ਪਿੱਲਈ ਨੂੰ ਮਿਲ ਕੇ ਗੋਆ ਯੂਨੀਵਰਸਿਟੀ ’ਚ ਸ਼ਹੀਦ ਕਰਨੈਲ ਸਿੰਘ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ ਗਈ।
ਇਸ ’ਤੇ ਰਾਜਪਾਲ ਨੇ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਇਸ ਸਬੰਧੀ ਜਲਦੀ ਐਲਾਨ ਕੀਤਾ ਜਾਵੇਗਾ। ਗੋਆ ਪਹੁੰਚੇ ਇਸ ਵਫ਼ਦ ਵਿੱਚ ਸਰਪੰਚ ਗੁਰਬਿੰਦਰ ਸਿੰਘ, ਸਾਬਕਾ ਚੇਅਰਮੈਨ ਮਹਿੰਦਰ ਸਿੰਘ, ਸੰਤ ਰਾਮ ਕੈਨੇਡਾ ਨੇ ਜਿੱਥੇ ਗੋਆ ਸਰਕਾਰ ਦਾ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਕੀਤਾ, ਉੱਥੇ ਹੀ ਵਿਸ਼ੇਸ਼ ਤੌਰ ’ਤੇ ਕਮਾਂਡਰ ਜੀਪੀਐੱਸ ਬਾਜਵਾ ਤੇ ਪ੍ਰਸਿੱਧ ਇਤਿਹਾਸਕਾਰ ਪ੍ਰੋ. ਪੰਜਾਲ ਸ਼ਖਰਡੰਡੇ ਤੇ ਅਫ਼ਸਰਸ਼ਾਹੀ ਦਾ ਵੀ ਧੰਨਵਾਦ ਕੀਤਾ।