ਪੰਜਾਬੀ ਨੇ ਲੰਡਨ 'ਚ ਗੱਡਿਆ ਝੰਡਾ, ਤੋੜੇ ਰਿਕਾਰਡ
ਦੋ ਬੱਚਿਆਂ ਦੇ ਪਿਤਾ ਪ੍ਰਦੀਪ ਨੇ ਚੱਪਲਾਂ ਪਾ ਕੇ ਦੌੜਦੇ ਹੋਏ ਇੱਕ ਘੰਟੇ 37 ਮਿੰਟਾਂ ਤੇ 58 ਸਕਿੰਟਾਂ ਵਿੱਚ ਹਲਿੰਗਟਨ ਹਾਫ਼ ਮੈਰਾਥਨ ਪੂਰੀ ਕੀਤੀ, ਜਦੋਂਕਿ ਇਸ ਤੋਂ ਪਹਿਲਾਂ ਚੱਪਲਾਂ ਪਾ ਕੇ ਮੈਰਾਥਨ ਦੌੜਨ ਦਾ ਵਿਸ਼ਵ ਰਿਕਾਰਡ ਇੱਕ ਘੰਟੇ, 40 ਮਿੰਟਾਂ ਤੇ 57 ਸਕਿੰਟਾਂ ਦਾ ਸੀ।
ਲੰਡਨ: ਨਵੀਆਂ ਮੱਲਾਂ ਮਾਰਨ ਵਾਲੇ ਪੰਜਾਬੀ ਅਕਸਰ ਹਰ ਖੇਤਰ ਵਿੱਚ ਮੋਹਰੀ ਰਹਿੰਦੇ ਹਨ। ਇਸੇ ਲੜੀ ਤਹਿਤ ਲੰਡਨ ਦੇ ਹੇਜ਼ ਵਿੱਚ ਰਹਿਣ ਵਾਲੇ ਪ੍ਰਦੀਪ ਮਿਨਹਾਸ ਨੇ ਚੱਪਲਾਂ ਪਾ ਕੇ ਮੈਰਾਥਨ ਦੌੜਨ ਦਾ ਵਿਸ਼ਵ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ।
ਉਸ ਨੇ ਇਸ ਦੌੜ ਦਾ ਰਿਕਾਰਡ ਸਬੂਤ ਗਿਨੀਜ਼ ਬੁੱਕ ਆਫ਼ ਰਿਕਾਰਡ ਵਿੱਚ ਦਰਜ ਹੋਣ ਲਈ ਭੇਜਿਆ ਹੈ। ਇਸ ਸਾਲ ਹਲਿੰਗਟਨ ਹਾਫ਼ ਮੈਰਾਥਨ (10 ਕਿੱਲੋਮੀਟਰ) ਦੀ ਦੌੜ ਵਿੱਚ 625 ਦੌੜਾਕਾਂ ਨੇ ਹਿੱਸਾ ਲਿਆ ਸੀ।
ਉਸ ਨੇ ਅਪਾਹਜਾਂ ਦੀ ਮਦਦ ਲਈ ਫ਼ੰਡ ਇਕੱਠਾ ਕਰਨ ਕਰਨ ਵਾਲੀ ਸਮਾਜ ਸੇਵੀ ਸੰਸਥਾ ਰੇਵੀਟਾਈਲਜ਼ ਵੱਲੋਂ ਇਸ ਮੈਰਾਥਨ ਵਿੱਚ ਹਿੱਸਾ ਲਿਆ ਸੀ। ਪ੍ਰਦੀਪ ਨੇ ਕਿਹਾ ਕਿ ਵਿਸ਼ਵ ਰਿਕਾਰਡ ਤੋੜਨਾ ਉਸ ਲਈ ਬਹੁਤ ਵੱਡੀ ਉਪਲਬਧੀ ਹੈ।
ਇਸ ਤਰ੍ਹਾਂ ਉਸ ਨੇ ਵਿਸ਼ਵ ਰਿਕਾਰਡ ਤੋਂ ਤਿੰਨ ਮਿੰਟ ਪਹਿਲਾਂ ਹੀ ਇਹ ਦੌੜ ਪੂਰੀ ਕਰ ਲਈ। ਪ੍ਰਦੀਪ ਚੱਪਲਾਂ ਪਾ ਕੇ ਮੈਰਾਥਨ ਦੌੜ ਵਿੱਚ ਹਿੱਸਾ ਲੈਣ ਦੀ ਚੁਨੌਤੀ ਨੂੰ ਲੈ ਕੇ ਕਾਫ਼ੀ ਖ਼ੁਸ਼ ਸੀ।