ਲਾੜੀ ਦੇ ਨਾਂ ਤੋਂ ਬਗੈਰ ਛਪੇ ਵਿਆਹ ਵਾਲੇ ਕਾਰਡ ਨੇ ਪਾਈ ਮੁਸੀਬਤ
ਏਬੀਪੀ ਸਾਂਝਾ | 17 Jun 2018 02:50 PM (IST)
ਇਸਲਾਮਾਬਾਦ: ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਦੇ ਜ਼ਿਲ੍ਹਾ ਚਾਰਸੱਦਾ ’ਚ ਰਹਿਮ ਵਾਲੇ ਰੌਫ਼ ਖ਼ਾਨ ਨੂੰ ਉਦੋਂ ਵੱਡੀ ਮੁਸੀਬਤ ਨੇ ਆਣ ਘੇਰਿਆ ਜਦੋਂ ਉਸ ਦੇ ਵਿਆਹ ਵਾਲੇ ਕਾਰਡ ’ਤੇ ਉਸ ਦੀ ਹੋਣ ਵਾਲੀ ਪਤਨੀ ਦਾ ਹੀ ਨਾਂ ਲਿਖਣੋਂ ਰਹਿ ਗਿਆ। ਹੁਣ ਵਹੁਟੀ ਦੇ ਨਾਂ ਤੋਂ ਬਗ਼ੈਰ ਛਪਿਆ ਵਿਆਹ ਵਾਲਾ ਕਾਰਡ ਉਸ ਲਈ ਸਿਰਦਰਦੀ ਬਣ ਗਿਆ ਹੈ। ਪਤਨੀ ਨਾਲ ਦੇਸ਼ ਤੋਂ ਬਾਹਰ ਜਾ ਕੇ ਰਹਿਣ ਲਈ ਉਸ ਨੂੰ ਜ਼ਰੂਰੀ ਕਾਗਜ਼ਾਂ ਵਿੱਚੋਂ ਵਿਆਹ ਵਾਲਾ ਕਾਰਡ ਵੀ ਚਾਹੀਦਾ ਸੀ ਪਰ ਕਾਰਡ ’ਤੇ ਪਤਨੀ ਦਾ ਨਾਂ ਨਾ ਹੋਣ ਕਰਕੇ ਉਸ ਨੂੰ ਕਾਫ਼ੀ ਮੁਸ਼ਕਲ ਆ ਰਹੀ ਹੈ। ਉਸ ਦੇ ਵਿਆਹ ਨੂੰ ਹੁਣ ਇੱਕ ਸਾਲ ਹੋ ਗਿਆ ਹੈ। ਉਸ ਦੀ ਪਤਨੀ ਕੋਲ ਦੋਹਰੀ ਨਾਗਰਿਕਤਾ ਹੈ ਤੇ ਉਹ ਪਾਕਿਸਤਾਨ ਤੋਂ ਬਾਹਰ ਰਹਿੰਦੀ ਹੈ। ਰੌਫ਼ ਚਾਹੁੰਦਾ ਹੈ ਕਿ ਉਹ ਆਪਣੀ ਪਤਨੀ ਨਾਲ ਦੇਸ਼ ਤੋਂ ਬਾਹਰ ਜਾ ਕੇ ਰਹੇ। ਇਸ ਲਈ ਉਸ ਨੂੰ ਵੀਜ਼ੇ ਦੀ ਕਾਗ਼ਜ਼ੀ ਕਾਰਵਾਈ ਲਈ ਜ਼ਰੂਰੀ ਦਸਤਾਵੇਜ਼ਾਂ ਦੇ ਤੌਰ ’ਤੇ ਵਿਆਹ ਵਾਲਾ ਕਾਰਡ ਵੀ ਪੇਸ਼ ਕਰਨ ਦੀ ਲੋੜ ਸੀ ਪਰ ਉਸ ਦੀ ਪਤਨੀ ਦੀ ਪਛਾਣ ਨਾ ਹੋਣ ਕਰਕੇ ਉਸ ਨੂੰ ਕਾਫ਼ੀ ਦਿੱਕਤ ਆ ਰਹੀ ਹੈ। ਜਦੋਂ ਰੌਫ਼ ਨੇ ਆਪਣੇ ਵਿਆਹ ਲਈ ਕਾਰਡ ਛਪਵਾਏ ਸੀ ਤਾਂ ਕਾਰਡ ’ਤੇ ਉਸ ਦੀ ਪਤਨੀ ਦਾ ਨਾਂ ਹੀ ਨਹੀਂ ਸੀ। ਰੌਫ਼ ਦੇ ਵਿਆਹ ’ਤੇ 500 ਕਾਰਡ ਛਪਵਾਏ ਗਏ ਸੀ ਤੇ ਕਾਰਡ ਦੀ ਖ਼ਾਸ ਗੱਲ ਇਹ ਸੀ ਕਿ ਕਾਰਡ ’ਤੇ ਲਾੜੇ ਦਾ ਨਾਂ ਤਾਂ ਸੀ ਪਰ ਲਾੜੀ ਦਾ ਨਾਂ ਛਾਪਿਆ ਹੀ ਨਹੀਂ ਗਿਆ ਸੀ। ਰੌਫ਼ ਦੇ ਵਿਆਹ ਦੇ ਕਾਰਡ ਉੱਤੇ ਲਾੜੀ ਦੇ ਨਾਂ ਦੀ ਬਜਾਏ ‘ਅਮੁਕ ਦੀ ਧੀ’ ਲਿਖਿਆ ਗਿਆ ਸੀ। ਜਿਸ ਕੋਲ ਵੀ ਇਹ ਕਾਰਡ ਜਾਏਗਾ, ਉਸ ਨੂੰ ਇਹ ਤਾਂ ਪਤੀ ਚੱਲੇਗਾ ਕਿ ਰੌਫ਼ ਦਾ ਵਿਆਹ ਅਮੁਕ ਦੀ ਧੀ ਨਾਲ ਹੈ ਪਰ ਕਿਸ ਧੀ ਨਾਲ, ਇਹ ਪਤਾ ਕਰਨਾ ਮੁਸ਼ਕਲ ਸੀ। ਜਦੋਂ ਰੌਫ਼ ਨੂੰ ਇਸ ਦੀ ਕਾਰਨ ਪੁੱਛਿਆ ਗਿਆ ਤਾਂ ਉਸ ਕਿਹਾ ਕਿ ਅਜਿਹਾ ਕਰਨਾ ਉਨ੍ਹਾਂ ਦੀ ਸੰਸਕ੍ਰਿਤੀ ਵਿੱਚ ਨਹੀਂ। ਉਨ੍ਹਾਂ ਦੇ ਸਮਾਜ ਵਿੱਚ ਲੋਕਾਂ ਦਾ ਲਾੜੀ ਬਾਰੇ ਜਾਣਨਾ ਚੰਗਾ ਨਹੀਂ ਮੰਨਿਆ ਜਾਂਦਾ। ਇਸ ਲਈ ਕਾਰਡਾਂ ’ਤੇ ਲਾੜੀ ਦੇ ਪਿਤਾ ਦੇ ਨਾਂ ਤੋਂ ਇਲਾਵਾ ਲਾੜੀ ਨਾਲ ਸਬੰਧਤ ਕੋਈ ਹੋਰ ਗੱਲ ਨਹੀਂ ਲਿਖੀ ਜਾਂਦੀ।