ਵਾਸ਼ਿੰਗਟਨ: ਅਮਰੀਕਾ ’ਚ ਗ੍ਰੀਨ ਕਾਰਡ ਲਈ 151 ਸਾਲ ਉਡੀਕ ਕਰਨੀ ਪੈ ਸਕਦੀ ਹੈ। ਐਡਵਾਂਸਡ ਡਿਗਰੀ ਹੋਲਡਰ ਭਾਰਤੀਆਂ ਲਈ ਇਹ ਨਿਰਾਸ਼ਾ ਵਾਲੀ ਖਬਰ ਹੈ। ਇਹ ਅਮਰੀਕੀ ਪਰਵਾਸ ਨੀਤੀ ਦੀ ਸਖਤੀ ਤੇ ਗ੍ਰੀਨ ਕਾਰਡ ਲਈ ਲੰਮੀ ਕਤਾਰ ਕਰਕੇ ਹੈ। ਇਸ ਪੇਸ਼ੇ ਨਾਲ ਸਬੰਧਤ ਸੂਤਰਾਂ ਨੇ ਦੱਸਿਆ ਕਿ ਜਿਹੜੇ ਭਾਰਤੀਆਂ ਕੋਲ ਐਡਵਾਂਸਡ ਡਿਗਰੀਆਂ ਹਨ, ਉਨ੍ਹਾਂ ਨੂੰ ਗ੍ਰੀਨ ਕਾਰਡ ਲਈ 150 ਸਾਲ ਤੋਂ ਵਧ ਸਮੇਂ ਲਈ ਉਡੀਕ ਕਰਨੀ ਪੈ ਸਕਦੀ ਹੈ।   ਦਰਅਸਲ ਵਾਸ਼ਿੰਗਟਨ ਆਧਾਰਤ ਕੈਟੋ ਇੰਸਟੀਚਿਊਟ ਨੇ ਗ੍ਰੀਨ ਕਾਰਡ ਦੀ ਉਡੀਕ ਵਕਫ਼ੇ ਬਾਰੇ ਨਵੀਆਂ ਗਿਣਤੀਆਂ-ਮਿਣਤੀਆਂ ਕੀਤੀਆਂ ਹਨ। ਇਹ ਗਿਣਤੀ-ਮਿਣਤੀ 2017 ’ਚ ਜਾਰੀ ਕੀਤੇ ਗਏ ਗ੍ਰੀਨ ਕਾਰਡਾਂ ਦੀ ਗਿਣਤੀ ’ਤੇ ਆਧਾਰਤ ਹੈ। ਮੌਜੂਦਾ ਸਾਲ ’ਚ 20 ਅਪਰੈਲ ਤਕ 6,32,219 ਭਾਰਤੀ ਪਰਵਾਸੀ ਤੇ ਉਨ੍ਹਾਂ ਦੇ ਜੀਵਨ ਸਾਥੀ ਤੇ ਛੋਟੇ ਬੱਚੇ ਗ੍ਰੀਨ ਕਾਰਡ ਦੀ ਉਡੀਕ ’ਚ ਸਨ। ਰੁਜ਼ਗਾਰ ਆਧਾਰਤ ਈਬੀ-1 ਪਰਵਾਸੀਆਂ ਨੂੰ ਸਭ ਤੋਂ ਘੱਟ ਸਮੇਂ ਸਿਰਫ਼ ਛੇ ਸਾਲਾਂ ਲਈ ਗ੍ਰੀਨ ਕਾਰਡ ਦੀ ਉਡੀਕ ਕਰਨੀ ਪੈਂਦੀ ਹੈ। ਈਬੀ-1 ਵਰਗ ’ਚ 34,824 ਭਾਰਤੀ ਅਰਜ਼ੀਕਰਤਾ ਹਨ। ਈਬੀ-2 ਵਰਕਰਾਂ ਦਾ ਸਭ ਤੋਂ ਜ਼ਿਆਦਾ ਬੈਕਲਾਗ ਹੈ। ਕੈਟੇ ਇੰਸਟੀਚਿਊਟ ਮੁਤਾਬਕ ਵੀਜ਼ੇ ਜਾਰੀ ਕਰਨ ਦੀ ਮੌਜੂਦਾ ਦਰ ਨੂੰ ਦੇਖਦਿਆਂ ਉਨ੍ਹਾਂ ਨੂੰ ਗ੍ਰੀਨ ਕਾਰਡ ਲਈ 151 ਸਾਲਾਂ ਦੀ ਉਡੀਕ ਕਰਨੀ ਪੈ ਸਕਦੀ ਹੈ। ਇੰਸਟੀਚਿਊਟ ਮੁਤਾਬਕ ਜੇਕਰ ਕਾਨੂੰਨ ਨਾ ਬਦਲਿਆ ਤਾਂ ਉਸ ਸਮੇਂ ਤਕ ਪਰਵਾਸੀਆਂ ਦੀ ਮੌਤ ਹੋ ਚੁੱਕੀ ਹੋਵੇਗੀ ਜਾਂ ਉਹ ਮੁਲਕ ਛੱਡ ਜਾਣਗੇ। ਈਬੀ-2 ਵਰਗ ’ਚ 2,16,684 ਭਾਰਤੀ ਅਰਜ਼ੀਕਰਤਾ ਹਨ ਤੇ ਉਨ੍ਹਾਂ ਦੇ ਜੀਵਨ ਸਾਥੀ ਤੇ ਬੱਚਿਆਂ ਨੂੰ ਜੇਕਰ ਜੋੜ ਲਿਆ ਜਾਵੇ ਤਾਂ ਇਹ ਗਿਣਤੀ 4,33,368 ਹੋ ਜਾਂਦੀ ਹੈ।